Friday, July 11, 2025

Malwa

ਪਟਿਆਲਾ ਜ਼ਿਲ੍ਹੇ ਦੀਆਂ ਜੰਗਲੀ ਜੀਵ ਰੱਖਾਂ 'ਚ ਪਹਾੜੀ ਕਿੱਕਰਾਂ ਦੀ ਥਾਂ ਪਿੱਪਲ, ਬਰੋਟੇ, ਨਿੰਮ, ਅੰਬ, ਕਰੌਂਦੇ ਤੇ ਬਹੇੜੇ ਆਦਿ ਦੇ 90 ਹਜ਼ਾਰ ਰਵਾਇਤੀ ਬੂਟੇ ਲਗਾਏ

October 10, 2021 04:12 PM
SehajTimes

ਪਟਿਆਲਾ : ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਜੰਗਲੀ ਰੱਖਾਂ ਦੇ 180 ਹੈਕਟੇਅਰ ਰਕਬੇ 'ਚ ਪੁਰਾਣੀਆਂ ਪਹਾੜੀ ਕਿੱਕਰਾਂ (ਮਸਕਟ ਪ੍ਰੋਸੋਪਿਸ ਜੁਲੀਫਲੋਰਾ) ਕੱਢਕੇ ਇਨ੍ਹਾਂ ਦੀ ਥਾਂ ਮੂਲ ਦੇਸੀ ਕਿਸਮ ਦੇ ਰਵਾਇਤੀ ਬੂਟੇ ਲਾਉਣ ਦੀ ਚਲਾਈ ਮੁਹਿੰਮ ਸਫ਼ਲ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਅਰੁਣ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਇਨ੍ਹਾਂ ਜੰਗਲੀ ਰੱਖਾਂ 'ਚ ਪਿੱਪਲ, ਸੁਖਚੈਨ, ਸ਼ੀਸ਼ਮ, ਜਮੋਆ, ਕਚਨਾਰ, ਅਰਜਨ, ਮੌਲਸਰੀ, ਤੂਤ, ਜਾਂਮਣ, ਸਿਰਸ, ਬਹੇੜਾ, ਮੂਲਰ, ਬੋਹੜ, ਅਮਰੂਦ, ਆਂਮਲਾ, ਪਿਲਖਣ, ਨਿੰਮ, ਅੰਬ, ਬਾਂਸ, ਕਰੌਂਦੇ ਤੇ ਬਹੇੜਿਆਂ ਆਦਿ 90 ਹਜ਼ਾਰ ਮੂਲ ਕਿਸਮ ਦੇ ਦੇਸੀ ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਬੀੜਾਂ 'ਚ ਘਾਹ ਦੇ ਮੈਦਾਨ ਵੀ ਬਣਾਏ ਗਏ ਹਨ ਤਾਂ ਕਿ ਜੰਗਲੀ ਜੀਵਾਂ ਨੂੰ ਚਾਰਾ ਮਿਲ ਸਕੇ।
ਵਰਨਣਯੋਗ ਹੈ ਕਿ ਕਰੀਬ 60 ਸਾਲ ਪਹਿਲਾਂ ਇਨ੍ਹਾਂ ਜੰਗਲੀ ਰੱਖਾਂ 'ਚ ਮਸਕਟ ਲਗਾਈ ਗਈ ਸੀ ਪਰੰਤੂ ਇਹ ਹੁਣ ਹਾਨੀਕਾਰਕ ਅਤੇ ਹਮਲਾਵਰ ਬੂਟੀ ਦੀ ਤਰ੍ਹਾਂ ਫੈਲ ਕੇ ਜੰਗਲੀ ਰੱਖਾਂ ਦਾ ਨੁਕਸਾਨ ਕਰ ਰਹੀ ਸੀ। ਇਸ ਦਾ ਏਕਅਧਿਕਾਰ ਹੋਣ ਕਰਕੇ ਇੱਥੇ ਕੁਦਰਤੀ ਅਤੇ ਮੂਲ ਦੇਸੀ ਕਿਸਮਾਂ ਦੇ ਬੂਟੇ ਪੈਦਾ ਨਾ ਹੋਣ ਕਰਕੇ ਜੰਗਲੀ ਜੀਵਾਂ ਨੂੰ ਖਾਣ ਅਤੇ ਰਹਿਣ ਲਈ ਉਚਿਤ ਵਾਤਾਵਰਨ ਤੇ ਥਾਂ ਨਹੀਂ ਸੀ ਮਿਲ ਰਹੀ, ਸਿੱਟੇ ਵਜੋਂ ਜੰਗਲੀ ਜੀਵਾਂ ਦੇ ਵਾਸ 'ਚ ਕਾਫ਼ੀ ਘਾਟ ਹੋ ਗਈ ਸੀ। ਜਿਸ ਲਈ ਜੰਗਲਾਤ ਵਿਭਾਗ ਨੇ ਜੰਗਲੀ ਜੀਵ ਸੈਂਚਰੀਆਂ 'ਚ ਮਸਕਟ ਦੀਆਂ ਝਾੜੀਆਂ (ਜੰਗਲੀ ਕਿੱਕਰਾਂ) ਨੂੰ ਹਟਾ ਕੇ ਜੰਗਲੀ ਜੀਵਾਂ ਦੇ ਵਾਸ ਨੂੰ ਬਹਾਲ ਕਰਨ ਲਈ ਪੰਜਾਬ ਦੇ ਰਵਾਇਤੀ ਬੂਟੇ ਲਗਾਏ ਹਨ।
ਵਣ ਮੰਡਲ ਅਫ਼ਸਰ (ਜੰਗਲੀ ਜੀਵ) ਅਰੁਣ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੀੜ ਭਾਦਸੋਂ ਦੇ 60 ਹੈਕਟੇਅਰ ਰਕਬੇ 'ਚ 30000 ਬੂਟੇ ਲਗਾਏ, ਬੀੜ ਮੋਤੀ ਬਾਗ ਦੇ 55 ਹੈਕਟੇਅਰ ਰਕਬੇ 'ਚ 27500 ਬੂਟੇ ਲਗਾਏ। ਬੀੜ ਦੁਸਾਂਝ ਦੇ 15 ਹੈਕਟੇਅਰ ਰਕਬੇ 'ਚ 7500 ਬੂਟੇ ਲਗਾਏ ਗਏ ਹਨ। ਇਸ ਸਾਲ ਬੀੜ ਭਾਦਸੋਂ 'ਚ 25 ਹੈਕਟੇਅਰ ਰਕਬੇ 'ਚ 12500 ਬੂਟੇ ਲਗਾਏ, ਬੀੜ ਮੋਤੀ ਬਾਗ 'ਚ 25 ਹੈਕਟੇਅਰ ਰਕਬੇ 'ਚ 12500 ਬੂਟੇ ਲਗਾਏ, ਜਦਕਿ ਬੀੜ ਮੈਹਸ 'ਚ 10 ਹੈਕਟੇਅਰ ਰਕਬੇ 'ਚ 5000 ਬੂਟੇ ਲਗਾਏ। ਬੀੜ ਗੁਰਦਿਆਲਪੁਰਾ ਅਤੇ ਛੋਟੀ ਭੁੱਨਰਹੇੜੀ ਵਿਖੇ ਜੰਗਲੀ ਕਿੱਕਰ ਘੱਟ ਮਾਤਰਾ 'ਚ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬੀੜਾਂ 'ਚ ਜੰਗਲੀ ਬੂਟੀ ਨੂੰ ਹਟਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ, ਕਿਉਂਕਿ ਇਸ ਝਾੜੀ ਦੀਆਂ ਜੜਾਂ ਬਹੁਤ ਡੂੰਘੀਆਂ ਹੁੰਦੀਆ ਹਨ ਅਤੇ ਇਸ ਨੂੰ ਖ਼ਤਮ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਹ ਝਾੜੀ ਵਾਰ-ਵਾਰ ਉਗਦੀ ਰਹਿੰਦੀ ਹੈ।
ਵਣ ਮੰਡਲ ਅਫ਼ਸਰ (ਜੰਗਲੀ ਜੀਵ) ਅਰੁਣ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਅਤੇ ਜੰਗਲਾਤ ਮੰਤਰੀ ਸ. ਸੰਗਤ ਸਿੰਘ ਗਿਲਜ਼ੀਆ ਦੀ ਅਗਵਾਈ ਹੇਠ ਪੰਜਾਬ ਵਿੱਚ ਜੰਗਲਾਂ ਹੇਠ ਜ਼ਿਲ੍ਹੇ ਵਿੱਚ ਘਟ ਰਹੇ ਰਕਬੇ ਕਾਰਨ ਪੰਜਾਬ ਸਰਕਾਰ ਨੇ ਲੁਪਤ ਹੋ ਰਹੀਆਂ ਇਹਨਾਂ ਬੀੜਾਂ ਨੂੰ ਮੁੜ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ।ਜਿਸ ਕਰਕੇ ਜੰਗਲਾਤ ਤੇ ਜੰਗਲੀ ਜੀਵ ਰੱਖਿਆ ਵਿਭਾਗ ਵੱਲੋਂ ਕਦੇ ਕੱਲਰ ਜ਼ਮੀਨਾਂ ਨੂੰ ਆਬਾਦ ਕਰਨ ਲਈ ਲਗਾਈਆਂ ਜੰਗਲੀ ਕਿੱਕਰਾਂ, ਮਸਕਟ ਨੂੰ ਪੁੱਟ ਕੇ ਸਾਡੇ ਰਵਾਇਤੀ ਬੂਟੇ ਲਗਾਏ ਜਾ ਰਹੇ ਹਨ।
ਇਨ੍ਹਾਂ 6 ਬੀੜਾਂ 'ਚ ਰਵਾਇਤੀ ਬੂਟੇ ਲਗਾਕੇ ਜੰਗਲੀ ਜੀਵਾਂ ਦੇ ਵਾਸ ਨੂੰ ਆਬਾਦ ਕਰਵਾਉਣ ਵਾਲੇ ਵਣ ਰੇਂਜ ਅਫ਼ਸਰ ਚਰਨਜੀਤ ਸਿੰਘ ਸੋਢੀ ਨੇ ਦੱਸਿਆ ਕਿ ਲਗਾਏ ਗਏ ਇਹਨਾਂ ਦੇਸੀ ਦਰੱਖਤਾਂ ਨਾਲ ਬਨਸਪਤੀ ਵਧਣ ਕਾਰਨ ਇਹ ਰੱਖਾਂ ਹੁਣ ਪੰਛੀਆਂ ਤੇ ਜੰਗਲੀ ਜੀਵਾਂ ਦਾ ਬਸੇਰਾ ਬਣੀਆਂ ਹਨ ਅਤੇ ਨਾਲ ਹੀ ਇਹ ਸੂਬੇ ਦਾ ਸਰਮਾਇਆ ਵੀ ਵਧਿਆ ਹੈ।ਅਜਿਹਾ ਹੋਣ ਨਾਲ ਜਿੱਥੇ ਜੰਗਲਾਂ ਹੇਠ ਰਕਬੇ 'ਚ ਵਾਧਾ ਹੋਇਆ ਹੈ ਉੱਥੇ ਹੀ ਵਾਤਾਵਰਣ ਵੀ ਹਰਿਆ ਭਰਿਆ ਬਣਿਆ ਹੈ।
ਸ. ਸੋਢੀ ਨੇ ਅੱਗੇ ਦੱਸਿਆ ਕਿ ਜੰਗਲਾਤ ਵਿਭਾਗ ਨੇ ਬੀੜਾਂ, ਭੁਨਰਹੇੜੀ, ਭੁਨਰਹੇੜੀ-ਸ਼ਾਦੀਪੁਰ ਰੋਡ, ਭੀੜ ਭਾਦਸੋਂ ਅਤੇ ਬੀੜ ਛੋਟੀ ਭੁਨਰਹੇੜੀ ਦੁਆਲੇ ਸਥਿਤ ਕਿਸਾਨਾਂ ਦੀਆਂ ਜਮੀਨਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਪਨਕੈਂਪਾ ਅਤੇ ਆਰ.ਕੇ.ਵੀ.ਵਾਈ. ਸਕੀਮ ਤਹਿਤ ਚੇਨ ਲਿੰਕ ਫੈਂਸਿੰਗ ਵੀ ਕਰਵਾਈ ਹੈ।

Have something to say? Post your comment

 

More in Malwa

ਸੁਨਾਮ 'ਚ ਬਰਸਾਤੀ ਨਾਲਿਆਂ ਦੀ ਸਫ਼ਾਈ ਨੂੰ ਲੈਕੇ ਪ੍ਰਸ਼ਾਸਨ ਹੋਇਆ ਪੱਬਾਂ ਭਾਰ 

ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ 

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦਾ ਕਰੀਬੀ ਹੋਣ ਦਾ ਭੁਲੇਖਾ ਪਾਉਣ ਲਈ ਪੁਰਾਣੇ ਮੋਬਾਇਲ ਨੰਬਰ ਨੂੰ ਵਰਤਣ ਵਾਲਾ ਠੱਗ ਗਿਰੋਹ ਦਾ ਸਰਗਨਾ ਪਟਿਆਲਾ ਪੁਲਿਸ ਵੱਲੋਂ ਕਾਬੂ : ਵਰੁਣ ਸ਼ਰਮਾ

ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ  ਦੋ ਅਕਾਦਮਿਕ ਪ੍ਰੋਗਰਾਮ ਸ਼ੁਰੂ

ਕਿਸਾਨਾਂ ਨੂੰ ਬੇਘਰ ਕਰੇਗੀ ਲੈਂਡ ਪੂਲਿੰਗ ਪਾਲਸੀ : ਜਤਿੰਦਰ ਮਿੱਤਲ 

ਰਾਜਾ ਬੀਰਕਲਾਂ ਦੀ ਅਗਵਾਈ 'ਚ ਨੌਜਵਾਨਾਂ ਨੇ ਫੜਿਆ ਕਾਂਗਰਸ ਦਾ ਹੱਥ 

ਮਿਡ-ਡੇ-ਮੀਲ ਵਰਕਰਾਂ ਨੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਕੱਢੀ ਭੜਾਸ 

ਪੁਲਿਸ ਨੇ ਸੁਨਾਮ ਬੱਸ ਅੱਡੇ ਚ ਕੀਤੀ ਚੈਕਿੰਗ

ਸੁਨਾਮ ਦੇ ਵਪਾਰੀਆਂ ਦਾ ਵਫ਼ਦ ਈ.ਟੀ.ਓ. ਨੂੰ ਮਿਲ਼ਿਆ 

ਪੈਨਸ਼ਨਰਾਂ ਵੱਲੋਂ ਭਾਰਤ ਬੰਦ ਦੀ ਹਮਾਇਤ