ਕੋਲਕਾਤਾ : ਪਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਬਾਅਦ ਅਪਣਾ ਪੈਂਤੜਾ ਬਦਲਦਿਆਂ ਸੀਪੀਐਮ ਨੇ ਸੰਕੇਤ ਦਿਤਾ ਹੈ ਕਿ ਉਹ ਰਾਸ਼ਟਰੀ ਪੱਧਰ ’ਤੇ ਭਾਜਪਾ ਨਾਲ ਲੜਨ ਲਈ ਤਿ੍ਰਣਮੂਲ ਕਾਂਗਰਸ ਦੇ ਨਾਲ ਹੱਥ ਮਿਲਾਉਣ ਲਈ ਤਿਆਰ ਹੈ। ਸੀਪੀਐਮ ਰਾਜ ਵਿਧਾਨ ਸਭਾ ਚੋਣਾਂ ਵਿਚ ਖਾਤਾ ਖੋਲ੍ਹਦ ਵਿਚ ਨਾਕਾਮ ਰਹੀ ਸੀ। ਸੀਪੀਐਮ ਦੀ ਅਗਵਾਈ ਵਾਲੇ ਖੱਬੇ ਮੋਰਚੇ, ਕਾਂਗਰਸ ਅਤੇ ਇੰਡੀਅਨ ਸੈਕੁਲਰ ਫਰੰਟ ਨੇ ਗਠਜੋੜ ਬਣਾਇਆ ਸੀ ਅਤੇ ਵਿਧਾਨ ਸਭਾ ਚੋਣਾਂ ਲੜੀਆਂ ਸਨ। ਇਨ੍ਹਾਂ ਪਾਰਟੀਆਂ ਨੇ ਐਲਾਨ ਕੀਤਾ ਸੀ ਕਿ ਟੀਐਮਸੀ ਅਤੇ ਭਾਜਪਾ ਦੋਵੇਂ ਹੀ ਉਨ੍ਹਾਂ ਦੇ ਪ੍ਰਮੁੱਖ ਦੁਸ਼ਮਣ ਹਨ। ਖੱਬੀ ਧਿਰ ਵਾਂਗ ਕਾਂਗਰਸ ਵੀ ਰਾਜ ਵਿਧਾਨ ਸਭਾ ਚੋਣਾਂ ਵਿਚ ਕੋਈ ਸੀਟ ਨਹੀਂ ਜਿੱਤ ਸਕੀ ਸੀ ਹਾਲਾਂਕਿ ਆਈਐਸਐਫ ਇਕ ਸੀਟ ’ਤੇ ਜਿੱਤੀ ਸੀ। ਪੱਤਰਕਾਰਾਂ ਵਲੋਂ ਪੁੱਛੇ ਸਵਾਲ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਕੀ ਸੀਪੀਐਮ ਟੀਐਮਸੀ ਨਾਲ ਰਹੇਗੀ, ਦੇ ਜਵਾਬ ਵਿਚ ਸੀਪੀਐਮ ਪੋਲਿਟ ਬਿਊਰੋ ਦੇ ਮੈਂਬਰ ਬਿਮਾਨ ਬੋਸ ਨੇ ਕਿਹਾ, ‘ਅਸੀਂ ਕਿਸੇ ਵੀ ਭਾਜਪਾ ਵਿਰੋਧੀ ਪਾਰਟੀ ਨਾਲ ਕੰਮ ਕਰਨ ਲਈ ਤਿਆਰ ਹਾਂ। ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਵੰਡਪਾਊ ਤਾਕਤਾਂ ਵਿਰੁਧ ਕਿਸੇ ਵੰਡੇ ਅੰਦੋਲਨ ਲਈ ਜਦ ਵੀ ਲੋੜ ਪਈ ਹੈ, ਸਾਡਾ ਨਜ਼ਰੀਆ ਇਹੋ ਰਿਹਾ ਹੈ।’ ਸੂਤਰਾ ਮੁਤਾਬਕ ਨੀਤੀਗਤ ਮਾਮਲਿਆਂ ਵਿਚ ਇਸ ਤਰ੍ਹਾਂ ਦੇ ਬਦਲਾਅ ਪਾਰਟੀ ਨੂੰ ਅਪਣੀ ਰਾਜ ਕਮੇਟੀ ਦੀ ਬੈਠਕ ਵਿਚ ਇਸ ਮੁੱਦੇ ਨੂੰ ਚੁਕਣ ਦੇ ਬਾਅਦ ਮਤਾ ਪਾਸ ਕਰਨਾ ਪਵੇਗਾ। ਬੋਸ ਨੇ ਕਾਂਗਰਸ ਨਾਲ ਗੱਠਜੋੜ ਜਾਰੀ ਰੱਖਣ ਸਬੰਧੀ ਕਿਹਾ ਕਿ ਅਸੀਂ ਕਿਸੇ ਨਾਲ ਸਬੰਧ ਨਹੀਂ ਤੋੜ ਰਹੇ।