ਪਟਿਆਲਾ ਵਿੱਚ ‘ਪਲਾਸਟਿਕ-ਮੁਕਤ ਲੰਚ’ ਮੁਹਿੰਮ ਦੀ ਵੀ ਸ਼ੁਰੂਆਤ
ਪਟਿਆਲਾ : ਪਟਿਆਲਾ ਨੂੰ ਹੋਰ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਅਪ੍ਰੈਲ 2026 ਵਿੱਚ ਸ਼ੁਰੂ ਕੀਤੀ ਗਈ ਲਗਾਤਾਰ ਸਫ਼ਾਈ ਅਤੇ ਸੁੰਦਰੀਕਰਨ ਮੁਹਿੰਮ ‘ਮਿਸ਼ਨ ਕਲੀਨ ਪਟਿਆਲਾ’ ਦੇ ਦੋ ਪੜਾਅ ਸਫਲਤਾਪੂਰਵਕ ਪੂਰੇ ਕਰ ਲਏ ਗਏ ਹਨ। ਇਹ ਮੁਹਿੰਮ ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਦੀ ਅਗਵਾਈ ਅਤੇ ਰਹਿਨੁਮਾਈ ਹੇਠ ਚਲਾਈ ਜਾ ਰਹੀ ਹੈ। ਇਸ ਮੌਕੇ ਚੇਅਰਪਰਸਨ ਰੀਨਾ ਗੁਪਤਾ ਅਤੇ ਪੂਜਾ ਸਿਆਲ ਗਰੇਵਾਲ, ਕਮਿਸ਼ਨਰ, ਨਗਰ ਨਿਗਮ ਪਟਿਆਲਾ ਵੱਲੋਂ ਨਿਯਮਤ ਗਤੀਵਿਧੀਆਂ ਦੀ ਨਿਗਰਾਨੀ ਲਈ ਡੈਸ਼ਬੋਰਡ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਦੇ ਉਦੇਸ਼ ਨਾਲ ‘ਪਲਾਸਟਿਕ-ਮੁਕਤ ਲੰਚ’ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ। ‘ਮਿਸ਼ਨ ਕਲੀਨ ਏਅਰ ਪਟਿਆਲਾ’ ਤਹਿਤ ਚਲਾਈ ਜਾ ਰਹੀ ‘ਮਿਸ਼ਨ ਕਲੀਨ ਪਟਿਆਲਾ’ ਮੁਹਿੰਮ ਵਿੱਚ ਹੁਣ ਤੱਕ 50 ਤੋਂ ਵੱਧ ਸੰਸਥਾਵਾਂ ਵੱਲੋਂ ਭਾਗ ਲਿਆ ਗਿਆ ਹੈ, ਜਿਨ੍ਹਾਂ ਵਿੱਚ ਮੁੱਖ/ਭਾਗੀਦਾਰ ਅਤੇ ਸਹਿਯੋਗੀ ਸੰਸਥਾਵਾਂ ਸ਼ਾਮਲ ਹਨ। ਹੁਣ ਤੱਕ 72 ਗਤੀਵਿਧੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸਫ਼ਾਈ, ਜਾਗਰੂਕਤਾ ਅਤੇ ਬੂਟੇ ਲਗਾਉਣ ਨਾਲ ਸਬੰਧਤ ਗਤੀਵਿਧੀਆਂ ਸ਼ਾਮਲ ਹਨ। ਡੈਸ਼ਬੋਰਡ ਅਨੁਸਾਰ ਹੁਣ ਤੱਕ 13,790 ਕਿਲੋਗ੍ਰਾਮ (13.79 ਟਨ) ਕੂੜਾ ਹਟਾਇਆ ਗਿਆ, 800 ਬੂਟੇ ਲਗਾਏ ਗਏ ਅਤੇ 1,814 ਵਲੰਟੀਅਰਾਂ ਨੇ ਭਾਗ ਲਿਆ। ਇਨ੍ਹਾਂ ਵਿੱਚ ਵਿਦਿਆਰਥੀ, ਅਧਿਆਪਕ, ਗੈਰ-ਸਰਕਾਰੀ ਸੰਸਥਾਵਾਂ (ਐਨਜੀਓ), ਅਧਿਕਾਰੀ ਅਤੇ ਸ਼ਹਿਰ ਵਾਸੀ ਸ਼ਾਮਲ ਹਨ। ਸਕੂਲਾਂ, ਕਾਲਜਾਂ, ਸਰਕਾਰੀ ਸੰਸਥਾਵਾਂ, ਐਨਜੀਓਜ਼ ਅਤੇ ਨਾਗਰਿਕਾਂ ਵੱਲੋਂ ਵੱਖ-ਵੱਖ ਪੀੜ੍ਹੀਆਂ ਜਨਰੇਸ਼ਨ ਜੈੱਡ, ਮਿਲੇਨੀਅਲਜ਼ ਅਤੇ ਜਨਰੇਸ਼ਨ ਐਕਸ—ਦੀ ਉਤਸ਼ਾਹਪੂਰਵਕ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਜਦੋਂ ਭਾਈਚਾਰਾ ਖੁਦ ਜਨਤਕ ਥਾਵਾਂ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਸਫ਼ਾਈ ਦੇ ਯਤਨ ਹੋਰ ਪ੍ਰਭਾਵਸ਼ਾਲੀ ਅਤੇ ਟਿਕਾਊ ਬਣਦੇ ਹਨ। ਪੀਪੀਸੀਬੀ ਵੱਲੋਂ ‘ਮਿਸ਼ਨ ਕਲੀਨ ਪਟਿਆਲਾ’ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਭਾਗੀਦਾਰ ਸੰਸਥਾਵਾਂ, ਸਰਕਾਰੀ ਸੰਗਠਨਾਂ, ਐਨਜੀਓਜ਼, ਵਿੱਦਿਅਕ ਸੰਸਥਾਵਾਂ, ਵਿਦਿਆਰਥੀਆਂ, ਵਲੰਟੀਅਰਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਬੋਰਡ ਵੱਲੋਂ ਚੇਅਰਪਰਸਨ ਦੀ ਅਗਵਾਈ ਹੇਠ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਂਦਾ ਰਹੇਗਾ, ਜਿਸ ਦਾ ਮੁੱਖ ਉਦੇਸ਼ ਪਟਿਆਲਾ ਨੂੰ ਸਾਫ਼-ਸੁਥਰਾ ਰੱਖਣਾ ਅਤੇ ਸਫ਼ਾਈ ਤੇ ਵਾਤਾਵਰਣ ਸੰਭਾਲ ਵਿੱਚ ਲੋਕਾਂ ਦੀ ਨਿਰੰਤਰ ਭਾਗੀਦਾਰੀ ਯਕੀਨੀ ਬਣਾਉਣਾ ਹੈ।