ਸੁਨਾਮ : ਭਾਰਤ ਦੀ ਪਹਿਲੀ ਮਹਿਲਾ ਓਲੰਪਿਕ ਤਗਮਾ ਜੇਤੂ ਅਤੇ ਪ੍ਰਸਿੱਧ ਵੇਟਲਿਫਟਰ ਕਰਨਮ ਮੱਲੇਸ਼ਵਰੀ ਵੱਲੋਂ ਖੇਡ ਲੇਖਕ ਮਨਦੀਪ ਸਿੰਘ ਸੁਨਾਮ ਦੀ ਪੁਸਤਕ ‘ਓਲੰਪਿਜ਼ਮ ਐਂਡ ਪੀਸ' ਲੋਕ ਅਰਪਣ ਕੀਤੀ ਗਈ। ਇਸ ਮੌਕੇ ਪੁਸਤਕ ਦੇ ਲੇਖਕ ਮਨਦੀਪ ਸਿੰਘ ਸੁਨਾਮ ਸਮੇਤ ਖੇਡ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਮੌਜੂਦ ਸਨ ਜਿੰਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਹਾਕੀ ਕੋਚ, ਮਨਦੀਪ ਸਿੰਘ ਸੰਧੇ ਡੀ ਪੀ ਈ ਮੌਜੂਦ ਰਹੇ। ‘ਓਲੰਪਿਜ਼ਮ ਐਂਡ ਪੀਸ' ਕਿਤਾਬ ਵਿੱਚ ਓਲੰਪਿਕ ਖੇਡਾਂ ਦੇ ਮੂਲ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਨੂੰ ਸ਼ਾਂਤੀ, ਏਕਤਾ, ਮਿੱਤਰਤਾ, ਆਪਸੀ ਸਤਿਕਾਰ ਅਤੇ ਮਨੁੱਖਤਾ ਨਾਲ ਜੋੜਦਿਆਂ ਖੇਡਾਂ ਦੀ ਵਿਸ਼ਵ ਪੱਧਰ ’ਤੇ ਸ਼ਾਂਤੀ ਸਥਾਪਤ ਕਰਨ ਵਿੱਚ ਭੂਮਿਕਾ ਨੂੰ ਉਜਾਗਰ ਕੀਤਾ ਗਿਆ ਹੈ। ਪੁਸਤਕ ਦੇ ਲੇਖਕ ਮਨਦੀਪ ਸਿੰਘ ਸੁਨਾਮ ਨੇ ਕਿਹਾ ਕਿ ਖੇਡਾਂ ਸਿਰਫ਼ ਜਿੱਤ-ਹਾਰ ਜਾਂ ਤਗਮੇ ਹਾਸਲ ਕਰਨ ਤੱਕ ਸੀਮਤ ਨਹੀਂ ਹਨ, ਸਗੋਂ ਇਹ ਵੱਖ-ਵੱਖ ਦੇਸ਼ਾਂ, ਸਭਿਆਚਾਰਾਂ ਅਤੇ ਲੋਕਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਦਾ ਮਹੱਤਵਪੂਰਨ ਮਾਧਿਅਮ ਹਨ। ਉਨ੍ਹਾਂ ਦਾ ਉਦੇਸ਼ ਓਲੰਪਿਕ ਵਿਚਾਰਧਾਰਾ ਰਾਹੀਂ ਦੁਨੀਆ ਭਰ ਵਿੱਚ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਪਹੁੰਚਾਉਣਾ ਹੈ। ਕਰਨਮ ਮੱਲੇਸ਼ਵਰੀ ਵੱਲੋਂ ਪੁਸਤਕ ਲੋਕ ਅਰਪਣ ਕੀਤੇ ਜਾਣ ਨੂੰ ਲੇਖਕ ਨੇ ਆਪਣੇ ਲਈ ਮਾਣ ਵਾਲਾ ਅਤੇ ਯਾਦਗਾਰ ਪਲ ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਮਹਾਨ ਓਲੰਪੀਅਨ ਦੇ ਹੱਥੋਂ ਅਜਿਹੀ ਪੁਸਤਕ ਦਾ ਲੋਕ ਅਰਪਣ ਹੋਣਾ ਖੇਡਾਂ ਅਤੇ ਸ਼ਾਂਤੀ ਦੇ ਇਸ ਸੰਦੇਸ਼ ਨੂੰ ਹੋਰ ਵਿਸ਼ਾਲ ਪੱਧਰ ’ਤੇ ਪਹੁੰਚਾਉਣ ਲਈ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਭਾਰਤ ਦੀ ਇਸ ਮਹਾਨ ਖਿਡਾਰਨ ਵੱਲੋਂ ਮਨਦੀਪ ਸਿੰਘ ਦੇ ਇਸ ਵਿਸ਼ਵ ਸ਼ਾਂਤੀ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਅੱਗੇ ਤੋਂ ਹੋਰ ਖੇਡ ਸਾਹਿਤ ਲਿਖਣ ਲਈ ਪ੍ਰੇਰਿਤ ਕੀਤਾ ਗਿਆ।