ਸੁਨਾਮ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਕਾਲਜ ਦੇ ਐਨ ਸੀ ਸੀ ਯੂਨਿਟ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਮਨੁੱਖਤਾ ਦੀ ਸੇਵਾ, ਸਮਾਜਿਕ ਜ਼ਿੰਮੇਵਾਰੀ ਅਤੇ ਲੋਕ ਭਲਾਈ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾਕਟਰ ਅਚਲਾ, ਐਨ ਐਸ ਐਸ ਯੂਨਿਟ ਦੇ ਇੰਚਾਰਜ ਡਾਕਟਰ ਮਨੀਤਾ ਜੋਸ਼ੀ, ਪ੍ਰੋ. ਕਾਲਾ ਸਿੰਘ, ਪ੍ਰੋ. ਰਮਨਦੀਪ ਸਿੰਘ, ਡਾ. ਪਰਮਿੰਦਰ ਕੌਰ, ਪ੍ਰੋ. ਸਿਮਰਨ, ਪ੍ਰੋ. ਮਨਪ੍ਰੀਤ ਖੁਰਮੀ, ਡਾ. ਧਰਮਿੰਦਰ ਸਿੰਘ, ਡਾ. ਵਿਕਾਸ, ਪ੍ਰੋ. ਸਤਿੰਦਰ ਸਿੰਘ ਅਤੇ ਪ੍ਰੋ. ਮੁਹੰਮਦ ਅਨਵਰ ਸਮੇਤ ਇਰਵਨਜੀਤ ਸਿੰਘ ਸੰਟੀ ਸਣੇ ਕਾਲਜ ਦੇ ਸਟਾਫ ਮੈਂਬਰ ਮੌਜੂਦ ਰਹੇ। ਇਸ ਮੌਕੇ ਇਤਿਹਾਸ ਵਿਭਾਗ ਦੇ ਡਾ. ਮੀਨਾਕਸ਼ੀ ਨੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ, ਵਿਚਾਰਾਂ ਅਤੇ ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਵੱਲੋਂ ਦਿੱਤੇ ਮਹਾਨ ਯੋਗਦਾਨ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।
ਖੂਨਦਾਨ ਕੈਂਪ ਦੌਰਾਨ ਸ਼ਹੀਦ ਊਧਮ ਸਿੰਘ ਸੋਸਾਇਟੀ ਅਤੇ ਉਨ੍ਹਾਂ ਦੀ ਡਾਕਟਰੀ ਟੀਮ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਐਨ ਸੀ ਸੀ ਕੈਡਿਟਾਂ ਦੇ ਨਾਲ-ਨਾਲ ਕਾਲਜ ਦੇ ਵਿਦਿਆਰਥੀਆਂ ਨੇ ਵੀ ਇਸ ਲੋਕ-ਭਲਾਈ ਦੇ ਕਾਰਜ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਖੂਨਦਾਨ ਕਰਨ ਲਈ ਅੱਗੇ ਆਏ।
ਇਸ ਮੌਕੇ ਡਾ. ਕੁਲਦੀਪ ਸਿੰਘ ਬਾਹੀਆ ਨੇ ਕੈਂਪ ਵਿੱਚ ਪਹੁੰਚੇ ਸਮੂਹ ਸਹਿਯੋਗੀਆਂ, ਕਾਲਜ ਸਟਾਫ, ਸ਼ਹੀਦ ਊਧਮ ਸਿੰਘ ਸੋਸਾਇਟੀ ਅਤੇ ਉਨ੍ਹਾਂ ਦੀ ਡਾਕਟਰੀ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਸਮਾਜਿਕ ਸੇਵਾ ਹੈ ਅਤੇ ਸਾਡੇ ਵੱਲੋਂ ਕੀਤਾ ਗਿਆ ਖੂਨਦਾਨ ਕਿਸੇ ਲੋੜਵੰਦ ਵਿਅਕਤੀ ਲਈ ਜੀਵਨ ਬਚਾਉਣ ਦਾ ਸਾਧਨ ਬਣ ਸਕਦਾ ਹੈ।
ਡਾਕਟਰ ਬਾਹੀਆ ਨੇ ਐਨ ਸੀ ਸੀ ਕੈਡਿਟਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਅਤੇ ਵਿਚਾਰਾਂ ਤੋਂ ਪ੍ਰੇਰਣਾ ਲੈਂਦਿਆਂ ਲੋਕ ਭਲਾਈ, ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਕਾਰਜਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਤਾਕਤ ਹਨ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰ ਭੂਮਿਕਾ ਦੇਸ਼ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਸਹਾਇਕ ਹੋ ਸਕਦੀ ਹੈ।