ਸੁਨਾਮ : ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਨੂੰ ਲੈਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸੁਨਾਮ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਇਲਾਵਾ ਬਾਹਰਲੇ ਇਲਾਕਿਆਂ ਅੰਦਰ ਦੁਕਾਨਾਂ ਬੰਦ ਰਹੀਆਂ, ਬੱਸ ਸਰਵਿਸ ਮੁਕੰਮਲ ਬੰਦ ਰਹੀ। ਦੱਸ ਦੇਈਏ ਸਵੇਰੇ 7 ਤੋਂ 2 ਵਜੇ ਤੱਕ ਦਿੱਤੇ ਬੰਦ ਦੇ ਸੱਦੇ ਤਹਿਤ ਦੁਕਾਨਦਾਰਾਂ ਨੇ ਆਪ ਮੁਹਾਰੇ ਦੁਕਾਨਾਂ ਬੰਦ ਰੱਖੀਆਂ, ਉਂਜ ਮੈਡੀਕਲ ਸਟੋਰ ਆਮ ਵਾਂਗ ਖੁੱਲ੍ਹੇ ਰਹੇ।ਬੰਦ ਦਾ ਸੱਦਾ ਦੇਣ ਵਾਲੀਆਂ ਧਿਰਾਂ ਦੇ ਆਗੂ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਕਰਵਾਉਣ ਲਈ ਕਿਧਰੇ ਨਜ਼ਰ ਨਹੀਂ ਆਏ।