ਖਨੌਰੀ : ਖਨੌਰੀ ਨੇੜੇ ਬੀਤੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪਿੰਡ ਗੁਲਾੜੀ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਿੰਡ ਗੁਲਾੜੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੁਲਾੜੀ ਵਾਸੀ ਚਾਰ ਦੋਸਤ ਬੀਤੀ ਰਾਤ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਉਪਰੰਤ ਆਪਣੀ ਮਾਰੂਤੀ ਸਵੀਫਟ ਕਾਰ ਨੰਬਰ ਰਾਹੀਂ ਪਾਤੜਾਂ ਤੋਂ ਖਨੌਰੀ ਮੰਡੀ ਵੱਲ ਆਪਣੇ ਪਿੰਡ ਨੂੰ ਵਾਪਸ ਆ ਰਹੇ ਸਨ। ਜਦੋਂ ਉਹ ਘੱਗਰ ਪੁਲ, ਖਨੌਰੀ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਲੈਂਸਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਥਾਣਾ ਖਨੌਰੀ ਨੂੰ ਦਿੱਤੀ ਦਰਖ਼ਾਸਤ ਵਿੱਚ ਸਰਦੂਲ ਸਿੰਘ ਪੁੱਤਰ ਮਹੀਪਾਲ ਵਾਸੀ ਗੁਲਾੜੀ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਵੀਫਟ ਕਾਰ ਸੜਕ ਤੋਂ ਹੇਠਾਂ ਖੇਤਾਂ ਵਿੱਚ ਜਾ ਡਿੱਗੀ। ਹਾਦਸੇ ਤੋਂ ਬਾਅਦ ਲੈਂਸਰ ਕਾਰ ਦਾ ਚਾਲਕ ਆਪਣੀ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਦੋਵੇਂ ਨੌਜਵਾਨਾਂ ਦਾ ਅੰਤਿਮ ਸਸਕਾਰ ਦੁਪਹਿਰ ਬਾਅਦ ਪਿੰਡ ਗੁਲਾੜੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਦੁਖਦਾਈ ਘਟਨਾ ਕਾਰਨ ਪਿੰਡ ਗੁਲਾੜੀ ਸਮੇਤ ਨਾਲ ਲੱਗਦੇ ਪਿੰਡਾਂ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ।