ਸਮਾਣਾ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਅਗਵਾਈ ਹੇਠ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਸਮਾਣਾ ਵੱਲੋਂ ਪਟਿਆਲਾ ਰੋਡ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਮਾਨਵਤਾ ਭਲਾਈ ਨੂੰ ਸਮਰਪਿਤ ਇੱਕ ਵਿਸ਼ਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮਾਨਵ ਸੇਵਾ ਕੈਂਪ ਦੌਰਾਨ ਨਿਰੰਕਾਰੀ ਸ਼ਰਧਾਲੂਆਂ ਅਤੇ ਇਲਾਕਾ ਨਿਵਾਸੀਆਂ ਨੇ ਭਾਰੀ ਉਤਸ਼ਾਹ ਦਿਖਾਉਂਦਿਆਂ ਕੁੱਲ 170 ਯੂਨਿਟ ਖੂਨ ਦਾਨ ਕੀਤਾ। ਇਸ ਖੂਨ ਦਾਨ ਕੈਂਪ ਦਾ ਰਸਮੀ ਉਦਘਾਟਨ ਗਿਆਨ ਪ੍ਰਚਾਰਕ ਸੰਤ ਵਿਜੇ ਧੀਰ (ਪਟਿਆਲਾ) ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਖੇਤਰੀ ਸੰਚਾਲਕ ਪਟਿਆਲਾ ਮਨਮੋਹਨ ਸਿੰਘ ਅਤੇ ਸਥਾਨਕ ਸੰਯੋਜਕ ਸੁਰਿੰਦਰ ਸਿੰਘ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ। ਬਲੱਡ ਬੈਂਕ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਹੁੰਚੀ ਮਾਹਰ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦੀ ਟੀਮ ਵੱਲੋਂ ਖੂਨ ਦੇ ਯੂਨਿਟ ਇਕੱਤਰ ਕਰਨ ਦੀ ਸੇਵਾ ਸੁਚੱਜੇ ਢੰਗ ਨਾਲ ਨਿਭਾਈ ਗਈ। ਇਸ ਸਮੇਂ ਸੰਬੋਧਨ ਕਰਦਿਆਂ ਗਿਆਨ ਪ੍ਰਚਾਰਕ ਵਿਜੇ ਧੀਰ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਉੱਤਮ ਧਰਮ ਹੈ ਅਤੇ ਖੂਨ ਦਾਨ ਕਰਕੇ ਅਸੀਂ ਕਿਸੇ ਲੋੜਵੰਦ ਇਨਸਾਨ ਦੀ ਕੀਮਤੀ ਜਾਨ ਬਚਾ ਸਕਦੇ ਹਾਂ। ਸਥਾਨਕ ਸੰਯੋਜਕ ਸੁਰਿੰਦਰ ਸਿੰਘ ਨੇ ਕੈਂਪ ਨੂੰ ਸਫਲ ਬਣਾਉਣ ਲਈ ਸਮੂਹ ਖੂਨ ਦਾਨੀਆਂ, ਸੇਵਾਦਾਰਾਂ ਅਤੇ ਡਾਕਟਰਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ। ਖੇਤਰੀ ਸੰਚਾਲਕ ਮਨਮੋਹਨ ਸਿੰਘ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਵੱਲੋਂ ਸਮਾਜ ਭਲਾਈ ਅਤੇ ਮਾਨਵਤਾ ਦੀ ਸੇਵਾ ਦੇ ਅਜਿਹੇ ਕਾਰਜ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੇ। ਡਾਕਟਰ ਸੁਖਵਿੰਦਰ ਸਿੰਘ ਨੇ ਖੂਨ ਦਾਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਖੂਨ ਦਾਨ ਕਰਨ ਨਾਲ ਸਰੀਰ ਵਿੱਚ ਕਿਸੇ ਕਿਸਮ ਦੀ ਕਮਜ਼ੋਰੀ ਨਹੀਂ ਆਉਂਦੀ, ਸਗੋਂ ਇਹ ਸਰੀਰਕ ਅਰੋਗਤਾ ਲਈ ਬੇਹੱਦ ਲਾਹੇਵੰਦ ਹੈ। ਕੈਂਪ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਖੂਨ ਦਾਨੀਆਂ ਦਾ ਹੌਸਲਾ ਵਧਾਉਂਦਿਆਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਖੂਨ ਦਾਨ ਕਰਨ ਵਾਲਿਆਂ ਲਈ ਸੰਤ ਨਿਰੰਕਾਰੀ ਮਿਸ਼ਨ ਦੀ ਸੇਵਾਦਾਰਾ ਵੱਲੋਂ ਵਧੀਆ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਇਸ ਮੌਕੇ ਮਿਸ਼ਨ ਦੇ ਪਦ ਅਧਿਕਾਰੀ, ਸੇਵਾਦਾਰ ਅਤੇ ਇਲਾਕੇ ਦੀਆਂ ਮੁਹਤਬਰ ਸ਼ਖਸੀਅਤਾਂ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।