ਸੁਨਾਮ : ਭਗਤ ਨਾਮਦੇਵ ਇੰਟਰਨੈਸ਼ਨਲ ਆਰਗਨਾਈਜੇਸ਼ਨ (ਬੀਐੱਨਆਈਓ) ਕੈਨੇਡਾ ਦੇ ਆਗੂਆਂ ਵੱਲੋਂ ਬ੍ਰੈਂਪਟਨ ਵਿਖੇ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਨਾਲ ਵਿਸ਼ੇਸ਼ ਅਤੇ ਸਾਰਥਿਕ ਮੁਲਾਕਾਤ ਕੀਤੀ ਗਈ। ਕੈਨੇਡਾ ਦੇ ਦੌਰੇ ਤੇ ਗਏ ਆਲ ਇੰਡੀਆ ਕਸ਼ੱਤਰੀ ਟਾਂਕ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਐੱਨਆਈਓ ਆਗੂਆਂ ਕਮਲਜੀਤ ਸਿੰਘ ਪੁਰਬਾ, ਨਵਦੀਪ ਟਿਵਾਣਾ, ਡਾਕਟਰ ਚਰਨਜੀਤ ਸਿੰਘ ਕੈਂਥ ਸਮੇਤ ਹੋਰ ਆਗੂਆਂ ਨੇ ਐੱਮ.ਪੀ. ਰੂਬੀ ਸਹੋਤਾ ਨੂੰ ਨਾਮਦੇਵ ਭਾਈਚਾਰੇ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਤੋਂ ਇਲਾਵਾ ਕੈਨੇਡਾ ਵਿੱਚ ਭਗਤ ਨਾਮਦੇਵ ਜੀ ਦੇ ਨਾਮ ’ਤੇ ਭਵਨ ਸਥਾਪਿਤ ਕਰਨ ਲਈ ਜਗ੍ਹਾ ਮੁਹੱਈਆ ਕਰਵਾਉਣ, ਕਿਸੇ ਮਾਰਗ ਜਾਂ ਸੰਸਥਾ ਦਾ ਨਾਮ ਭਗਤ ਨਾਮਦੇਵ ਜੀ ਦੇ ਨਾਮ ’ਤੇ ਰੱਖਣ ਅਤੇ ਸਕੂਲਾਂ ਦੇ ਪਾਠਕ੍ਰਮ ਵਿੱਚ ਭਗਤ ਨਾਮਦੇਵ ਜੀ ਦੇ ਜੀਵਨ, ਵਿਚਾਰਾਂ ਅਤੇ ਮਨੁੱਖਤਾ ਨੂੰ ਦਿੱਤੇ ਯੋਗਦਾਨ ਸਬੰਧੀ ਇੱਕ ਅਧਿਆਇ ਸ਼ਾਮਲ ਕਰਨ ਦੀ ਮੰਗ ਵੀ ਰੱਖੀ ਗਈ। ਇਸ ਮੌਕੇ ਬੀਐੱਨਆਈਓ ਆਗੂਆਂ ਨੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ, ਨਸ਼ਿਆਂ ਦੀ ਵਧ ਰਹੀ ਸਮੱਸਿਆ ’ਤੇ ਕਾਬੂ ਪਾਉਣ, ਪਰਿਵਾਰਕ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਅਤੇ ਸਮਾਜਿਕ ਏਕਤਾ ਨੂੰ ਹੋਰ ਮਜ਼ਬੂਤ ਬਣਾਉਣ ਵਰਗੇ ਅਹਿਮ ਮੁੱਦਿਆਂ ’ਤੇ ਵੀ ਗੰਭੀਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਧਾਰਮਿਕ ਵਿਰਾਸਤ ਦੀ ਸੰਭਾਲ ਦੇ ਨਾਲ-ਨਾਲ ਸੇਵਾ, ਸਮਰਪਣ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਉੱਤਮ ਮਿਸਾਲ ਪੇਸ਼ ਕਰਦੇ ਹਨ। ਸਮੁੱਚੇ ਤੌਰ ’ਤੇ ਇਹ ਮੁਲਾਕਾਤ ਭਗਤ ਨਾਮਦੇਵ ਭਾਈਚਾਰੇ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਨਾਲ-ਨਾਲ ਆਪਸੀ ਸਹਿਯੋਗ, ਸਮਾਜਿਕ ਸਦਭਾਵਨਾ, ਨੌਜਵਾਨਾਂ ਦੀ ਬਿਹਤਰੀ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਿਤ ਹੋਈ।