ਪਾਤੜਾਂ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਾ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਘੱਗਾ ਵਿਖੇ ਰਾਸ਼ਟਰੀ ਸਹੁੰ ਚੁੱਕ ਸਮਾਗਮ ਰਾਜਯੋਗ ਐਜੁਕੇਸ਼ਨ ਐਂਡ ਰਿਸਰਚ ਫਾਊਂਡੇਸ਼ਨ ਦੇ ਮੈਡੀਕਲ ਵਿੰਗ ਵੱਲੋਂ ਬ੍ਰਹਮਾ ਕੁਮਾਰੀਜ਼ ਸੈਂਟਰ, ਪਾਤੜਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਮਾਜਿਕ ਅਤੇ ਵਿਹਾਰਕ ਕੁਰੀਤੀਆ ਦੇ ਵਧ ਰਹੇ ਖਤਰੇ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸਿਹਤਮੰਦ, ਸੂਝਵਾਨ ਅਤੇ ਜ਼ਿੰਮੇਵਾਰ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬ੍ਰਹਮਕੁਮਾਰੀ ਅਰਜੂ ਨੇ ਨਸ਼ਾ ਮੁਕਤ, ਸਿਹਤਮੰਦ ਅਤੇ ਵਿਕਸਿਤ ਭਾਰਤ ਦੇ ਰਾਸ਼ਟਰੀ ਮਿਸ਼ਨ ਬਾਰੇ ਜਾਣਕਾਰੀ ਦਿੱਤੀ। ਸਕੂਲ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਨੇ ਰਾਜਯੋਗ ਐਜੁਕੇਸ਼ਨ ਐਂਡ ਰਿਸਰਚ ਫਾਊਂਡੇਸ਼ਨ ਦੇ ਮੈਡੀਕਲ ਵਿੰਗ ਅਤੇ ਬ੍ਰਹਮਕੁਮਾਰੀਜ਼ ਸੈਂਟਰ, ਪਾਤੜਾਂ ਵੱਲੋਂ ਕੀਤੇ ਇਸ ਨੇਕ ਅਤੇ ਸਾਰਥਕ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸਨਮਾਨ ਅਤੇ ਧੰਨਵਾਦ ਦੇ ਪ੍ਰਤੀਕ ਵਜੋਂ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਾਰੇ ਵਿਸ਼ੇਸ਼ ਬੁਲਾਰਿਆਂ ਨੂੰ ਪੌਦੇ ਭੇਟ ਕੀਤੇ ਗਏ। ਸਮਾਗਮ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਸਿਹਤਮੰਦ, ਅਨੁਸ਼ਾਸਿਤ ਅਤੇ ਨਸ਼ਾ ਮੁਕਤ ਜੀਵਨ-ਸ਼ੈਲੀ ਅਪਣਾਉਣ ਦਾ ਸਾਂਝਾ ਸੰਕਲਪ ਲਿਆ ਅਤੇ ਇੱਕ ਸਿਹਤਮੰਦ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਪ੍ਰਣ ਕੀਤਾ।