ਪਾਤੜਾਂ : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪਹਿਲੀ ਸਤੰਬਰ ਨੂੰ ਦਿੱਲੀ ਵਿਖੇ ਬਦਲਾਅ ਜ਼ਰੂਰੀ ਹੈ ਦੇ ਨਾਂ ਹੇਠ ਕੀਤੀ ਜਾ ਰਹੀ ਦੇਸ਼ ਪੱਧਰੀ ਰੈਲੀ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਸੀਪੀਆਈ ਬਲਾਕ ਕਮੇਟੀ ਪਾਤੜਾਂ ਵੱਲੋਂ ਇਲਾਕੇ ਵਿੱਚ ਮੋਟਰ ਸਾਈਕਲ ਮਾਰਚ ਕੱਢਿਆ ਹੈ। ਪਾਰਟੀ ਦੇ ਬਲਾਕ ਸਕੱਤਰ ਕਾਮਰੇਡ ਰਾਮਚੰਦ ਚੁਨਾਗਰਾ ਦੀ ਅਗਵਾਈ ਹੇਠ ਪਿੰਡ ਦੁਗਾਲ ਤੋਂ ਸ਼ੁਰੂ ਹੋਇਆ ਜਥਾ ਮਾਰਚ ਚੁਨਾਗਰਾ, ਹਰਿਆਊ ਖੁਰਦ, ਹਰਿਆਊ ਕਲਾਂ, ਖਾਨੇਵਾਲ, ਸੇਲਵਾਲਾ, ਖਾਂਗ, ਨੂਰਪੁਰਾ, ਗੁਲਾਹੜ, ਨਾਈਵਾਲਾ, ਮੌਲਵੀਵਾਲਾ ਆਦਿ ਪਿੰਡਾਂ ਵਿੱਚ ਰੈਲੀ ਲਈ ਲਾਮਬੰਦੀ ਦਾ ਸੁਨੇਹਾ ਦਿੰਦਾ ਹੋਇਆ ਪਿੰਡ ਗੋਬਿੰਦਪੁਰਾ ਪੈਂਦ ਵਿਖੇ ਸਮਾਗਮ ਹੋਇਆ। ਮੋਟਰਸਾਈਕਲ ਮਾਰਚ ਦੌਰਾਨ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਨੇ ਕਿਹਾ ਕਿ ਕੇਂਦਰ ਦੀ ਸੱਤਾ ਉੱਤੇ ਕਾਬਜ਼ ਭਾਜਪਾ ਧੱਕੇਸ਼ਾਹੀਆਂ ਦੀ ਰਾਜਨੀਤੀ ਕਰ ਰਹੀ ਹੈ। ਦੇਸ਼ ਭਰ ਅੰਦਰ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਘੱਟ ਗਿਣਤੀਆਂ ਜਾਤਾਂ ਤੇ ਧਰਮਾਂ ਦੇ ਲੋਕ ਖਤਰਾ ਮਹਿਸੂਸ ਕਰ ਰਹੇ ਹਨ ਜਦੋਂ ਕਿ ਵਿਸ਼ਵ ਪੱਧਰ ਤੇ ਭਾਰਤ ਦੀ ਪਛਣ ਇੱਕ ਸੈਕੂਲਰ ਦੇਸ਼ ਵਜੋਂ ਹੈ ਜਿੱਥੇ ਸਭ ਧਰਮਾਂ ਦੇ ਲੋਕਾਂ ਦਾ ਬਰਾਬਰ ਸਤਿਕਾਰ ਹੁੰਦਾ ਹੈ। ਉਹਨਾਂ ਕਿਹਾ ਕਿ ਵਿਕਾਸ ਹਮੇਸ਼ਾ ਰਾਜ ਸੱਤਾ ਬਦਲਣ ਨਾਲ ਹੁੰਦਾ ਹੈ ਅਤੇ ਇਸੇ ਮਕਸਦ ਦੀ ਪੂਰਤੀ ਲਈ ਸੀਪੀਆਈ ਵੱਲੋਂ ਪਹਿਲੀ ਸਤੰਬਰ ਨੂੰ ਦਿੱਲੀ ਵਿਖੇ ਬਦਲਾਅ ਜਰੂਰੀ ਹੈ ਨਾਮ ਦੀ ਰੈਲੀ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਰੈਲੀ ਵਿੱਚ ਵੱਧ ਚੜ ਕੇ ਹਿੱਸਾ ਲੈਣ।