ਸਮਾਣਾ : ਸਮਾਜ ਸੇਵੀ ਸੰਸਥਾ ਸ਼ਿਵ ਸ਼ੰਕਰ ਯੂਥ ਸੇਵਾ ਦਲ ਵੱਲੋਂ ਆਪਣੇ ਸਮਾਜ ਸੇਵੀ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਰਮੇਸ਼ ਗਰਗ ਦੀ ਸਰਪ੍ਰਸਤੀ ਹੇਠ ਰਾਮਲੀਲਾ ਵਿਖੇ ਤਰੋਦਸ਼ੀ ਦੇ ਮੌਕੇ ’ਤੇ 10ਵਾਂ ਸਲਾਈ ਮਸ਼ੀਨ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ 6 ਲੋੜਵੰਦ ਔਰਤਾਂ ਨੂੰ ਸਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ ਤਾਂ ਜੋ ਉਹ ਸਵੈਰੋਜ਼ਗਾਰ ਨਾਲ ਜੁੜ ਕੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰ ਸਕਣ। ਸਮਾਗਮ ਦੌਰਾਨ ਭਗਵਾਨ ਸ਼ੰਕਰ ਦਾ ਕੀਰਤਨ, ਹਨੂੰਮਾਨ ਚਾਲੀਸਾ ਅਤੇ ਬਜਰੰਗ ਬਾਣ ਦਾ ਪਾਠ ਵੀ ਕਰਵਾਇਆ ਗਿਆ। ਭਜਨ ਗਾਇਕ ਰਣਜੀਤ ਰਾਣਾ, ਦੀਪਕ ਗਰਗ ਅਤੇ ਪੰਕਜ ਸ਼ਰਮਾ ਵੱਲੋਂ ਧਾਰਮਿਕ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਸਮਾਗਮ ਵਿੱਚ ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਦੇ ਇਹ ਉਪਰਾਲੇ ਸਮਾਜ ਦੇ ਹੋਰ ਲੋਕਾਂ ਨੂੰ ਵੀ ਸੇਵਾ ਕਾਰਜਾਂ ਨਾਲ ਜੁੜਨ ਦਾ ਸੁਨੇਹਾ ਦਿੰਦੇ ਹਨ। ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਪ੍ਰਧਾਨ ਰਮਨ ਮਹਿੰਦਰਾ ਨੇ ਕਿਹਾ ਕਿ ਸਲਾਈ ਮਸ਼ੀਨ ਵੰਡ ਸਮਾਰੋਹ ਦਾ ਮੁੱਖ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਮਹਿਲਾਵਾਂ ਨੂੰ ਸਵੈਰੋਜ਼ਗਾਰ ਨਾਲ ਜੋੜ ਕੇ ਆਤਮਨਿਰਭਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਕਾਰਜ ਜਾਰੀ ਰੱਖੇਗੀ।