ਦੇਵੀਗੜ੍ਹ : ਮਿਮ ਸਰਕਾਰੀ ਸਕੂਲ ਮਸ਼ਿੰਗਣ ਵਿਖੇ ਕਰਵਾਈ ਗਈ 70ਵੀਂ ਜ਼ੋਨਲ ਪੱਧਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੇਵੀਗੜ੍ਹ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਵੱਖ-ਵੱਖ ਉਮਰ ਵਰਗਾਂ ਵਿੱਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਈ ਪਹਿਲੇ ਅਤੇ ਦੂਜੇ ਸਥਾਨ ਪ੍ਰਾਪਤ ਕੀਤੇ। ਅੰਡਰ-14 ਲੜਕਿਆਂ ਦੇ ਵਰਗ ਵਿੱਚ ਏਕਮਜੋਤ ਸਿੰਘ (VIIl), ਅਰਮਾਨ ਸਿੰਘ (VIl) ਅਤੇ ਹਰਨੂਰ ਸਿੰਘ (VI) ਨੇ ਆਪਣੇ-ਆਪਣੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਦੇ ਵਰਗ ਵਿੱਚ ਵੰਸ਼ਪ੍ਰੀਤ ਸਿੰਘ (VIII), ਗੁਰਜੀਤ ਸਿੰਘ (IX) ਅਤੇ ਗੁਰਸਿਮਰਨ ਸਿੰਘ (VIII) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਆਸ਼ਿਮ ਲਾਂਬਾ (IX) ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-19 ਵਰਗ ਵਿੱਚ ਦਿਵਿਆਂਸ਼ ਨਰੂਲਾ (11ਵੀਂ), ਹਰਮਨਜੋਤ ਸਿੰਘ (12ਵੀਂ) ਅਤੇ ਪ੍ਰਭਜੋਤ ਸਿੰਘ (11ਵੀਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ਵਿੱਚ ਸਹਿਜਪ੍ਰੀਤ ਸਿੰਘ (VIII) ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਡਾਇਰੈਕਟਰ ਸ. ਭੁਪਿੰਦਰ ਸਿੰਘ, ਪ੍ਰੈਜ਼ੀਡੈਂਟ ਸ਼੍ਰੀਮਤੀ ਰਵਿੰਦਰ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਧੀਮਾਨ ਨੇ ਸਮੂਹ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਇਸ ਮੌਕੇ ਕਿੱਕ ਬਾਕਸਿੰਗ ਕੋਚ ਸ਼੍ਰੀ ਹਰਦੀਪ ਕੁਮਾਰ ਦੀ ਵੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ। ਉਨ੍ਹਾਂ ਦੀ ਯੋਗ ਅਗਵਾਈ ਅਤੇ ਮਾਰਗਦਰਸ਼ਨ ਹੇਠ ਵਿਦਿਆਰਥੀਆਂ ਨੇ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ। ਸਕੂਲ ਮੈਨੇਜਮੈਂਟ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਅਤੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।