ਪਾਤੜਾਂ : ਸਾਉਣ ਦੇ ਮਹੀਨੇ ਦੌਰਾਨ ਪੰਜਾਬ ਦੇ ਪੁਰਾਤਨ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਸ਼ਹਿਰ ਦੀ ਲੱਖ ਵਾਲੀ ਬਸਤੀ ਦੀਆਂ ਔਰਤਾਂ ਵੱਲੋਂ ਹੋਟਲ ਸਨ ਬੀਮਸ ਵਿਖੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਔਰਤਾਂ ਅਤੇ ਮੁਟਿਆਰਾਂ ਇਕੱਠੀਆਂ ਹੋਈਆਂ ਅਤੇ ਪੰਜਾਬੀ ਪਹਿਰਾਵੇ ਵਿੱਚ ਸਜ-ਧਜ ਕੇ ਤੀਆਂ ਦੇ ਰੰਗ ਵਿੱਚ ਰੰਗੀਆਂ ਨਜ਼ਰ ਆਈਆਂ। ਇਸ ਮੌਕੇ ਸਵੀਤਾ ਸ਼ਰਮਾ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਪੁਰਾਤਨ ਸਮੇਂ ਤੋਂ ਹੀ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਰਿਹਾ ਹੈ। ਸਾਉਣ ਮਹੀਨੇ ਵਿੱਚ ਵਿਆਹੀਆਂ ਧੀਆਂ ਆਪਣੇ ਪੇਕੇ ਘਰ ਆਉਂਦੀਆਂ ਸਨ ਅਤੇ ਸਹੇਲੀਆਂ ਨਾਲ ਮਿਲ ਕੇ ਤੀਆਂ ਮਨਾਉਂਦੀਆਂ ਸਨ। ਪਿੰਡਾਂ ਵਿੱਚ ਔਰਤਾਂ ਅਤੇ ਮੁਟਿਆਰਾਂ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ, ਗਿੱਧਾ ਪਾਉਂਦੀਆਂ ਅਤੇ ਲੋਕ ਬੋਲੀਆਂ ਰਾਹੀਂ ਆਪਣੀਆਂ ਖੁਸ਼ੀਆਂ, ਭਾਵਨਾਵਾਂ ਅਤੇ ਮਨ ਦੇ ਵਲਵਲੇ ਸਾਂਝੇ ਕਰਦੀਆਂ ਸਨ। ਉਹਨਾਂ ਕਿਹਾ ਕਿ ਸਮੇਂ ਦੇ ਬਦਲਣ ਕਰਕੇ ਤਿਉਹਾਰਾਂ ਦੇ ਰੰਗ ਢੰਗ ਵੀ ਬਦਲ ਗਏ ਹਨ। ਪੁਰਾਤਨ ਲੋਕ-ਰਵਾਇਤਾਂ, ਲੋਕ ਗੀਤਾਂ, ਬੋਲੀਆਂ ਅਤੇ ਗਿੱਧੇ ਦੀ ਕਲਾ ਨੂੰ ਜਿਊਂਦਾ ਰੱਖਣ ਲਈ ਅਜਿਹੇ ਸਮਾਗਮ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ।