ਪਾਤੜਾਂ : ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨਵੀਂ ਚੁਣੀ ਗਈ ਟੀਮ ਵਿੱਚ ਪਾਰਟੀ ਦੇ ਟਕਸਾਲੀ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਮਾਮਲੇ ਨੂੰ ਲੈ ਕੇ ਭਾਜਪਾ ਦੇ ਟਕਸਾਲੀ ਵਰਕਰ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ। ਟਕਸਾਲੀ ਭਾਜਪਾ ਆਗੂ ਅਤੇ ਜ਼ਿਲ੍ਹਾ ਵਾਇਸ ਪ੍ਰਧਾਨ ਸੋਨੂ ਮਿੱਤਲ ਨੇ ਪਾਤੜਾਂ ਵਿਖੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹ ਪਾਰਟੀ ਵਿੱਚ ਤਿੰਨ ਦਹਾਕਿਆਂ ਤੋਂ ਸੇਵਾ ਕਰਦੇ ਆ ਰਹੇ ਹਨ ਪਿਛਲੇ ਕਾਰਜਕਾਲ ਦੌਰਾਨ ਉਨਾਂ ਨੇ ਵੱਖ-ਵੱਖ ਪਾਰਟੀ ਦੀ ਜ਼ਿੰਮੇਵਾਰੀ ਤੇ ਕੰਮ ਕੀਤਾ ਅਤੇ ਪਾਰਟੀ ਨੂੰ ਮਜਬੂਤ ਕਰਨ ਲਈ ਆਪਣਾ ਖੂਨ ਪਸੀਨਾ ਵਹਾਇਆ ਪਰ ਬਦਕਿਸਮਤੀ ਦੀ ਗੱਲ ਹੈ ਕਿ ਇਸ ਚੋਣ ਦੌਰਾਨ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਪਾਰਟੀ ਦੇ ਵਰਕਰ ਅਤੇ ਆਗੂ ਚੁਣੀ ਗਈ ਨਵੀਂ ਟੀਮ ਨੂੰ ਲੈ ਕੇ ਸੰਗਠਨ ਨੂੰ ਫੋਨ ਕਰਦੇ ਹਨ ਪਰ ਕੋਈ ਫ਼ੋਨ ਨਹੀਂ ਚੁੱਕ ਰਿਹਾ। ਭਾਜਪਾ ਆਗੂ ਨੇ ਸਪੱਸ਼ਟ ਕੀਤਾ ਕਿ ਭਾਜਪਾ ਕੇਡਰ ਬੇਸ ਪਾਰਟੀ ਹੈ ਜਿਸਦੀ ਟੀਮ ਲੋਕਤੰਤਰੀ ਤਰੀਕੇ ਨਾਲ ਚੁਣੀ ਜਾਂਦੀ ਹੈ ਪਰ ਇਸ ਵਾਰ ਭਾਜਪਾ ਵੱਲੋਂ ਚੁਣੀ ਗਈ ਨਵੀਂ ਟੀਮ ਵਰਕਰਾਂ ਦੀ ਰਾਇ ਲਏ ਬਗੈਰ ਥੋਪ ਦਿੱਤੀ ਤੇ ਪਹਿਲੀ ਵਾਰ ਸੰਗਰੂਰ ਜ਼ਿਲ੍ਹੇ ਅਤੇ ਹੋਰ ਜਿਲਿਆਂ ਵਿੱਚ 15 ਦਿਨਾਂ ਵਿੱਚ ਛੇ ਜ਼ਿਲਾ ਪ੍ਰਧਾਨ ਬਦਲਣ ਨਾਲ ਪੰਜਾਬ ਅੰਦਰ ਪਾਰਟੀ ਦਾ ਅਕਸ਼ ਖਰਾਬ ਹੋ ਗਿਆ ਹੈ ਵਰਕਰਾਂ ਦਾ ਮਨੋਬਲ ਨੂੰ ਠੇਸ ਪਹੁੰਚੀ ਹੈ ਅਤੇ ਜਿਹੜੇ ਜ਼ਿਲਾ ਪ੍ਰਧਾਨਾਂ ਨੂੰ ਬਦਲਿਆ ਗਿਆ ਹੈ ਉਨਾਂ ਦੀ ਲੋਕਾਂ ਵਿੱਚ ਬਹੁਤ ਵੱਡੀ ਪੱਧਰ ਤੇ ਬਦਨਾਮੀ ਹੋਈ ਹੈ। ਮਾਮਲੇ ਲੈ ਕੇ ਤਿੰਨ ਵਾਰ ਦੇ ਸਾਬਕਾ ਕੈਬਨਿਟ ਮੰਤਰੀ ਤਿਕਸਣ ਸੂਦ ਨੂੰ ਬੀਜੇਪੀ ਦੇ ਖਿਲਾਫ ਬੋਲਣ ਲਈ ਪ੍ਰੈਸ ਕਾਨਫਰੰਸ ਕਰਨੀ ਪਈ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵਰਕਰਾਂ ਅਤੇ ਆਗੂਆਂ ਨੇ ਆਪਣੇ ਹੱਥਾਂ ਨਾਲ ਅੱਜ ਤੱਕ ਦਰੀਆਂ ਵਿਛਾ ਕੇ ਪਾਰਟੀ ਨੂੰ ਮਜਬੂਤ ਕਰਨ ਲਈ ਦੂਜੀਆਂ ਸਰਕਾਰਾਂ ਤੋਂ ਡੰਡੇ ਖਾਧੇ ਜੇਲਾਂ ਤੱਕ ਕੱਟੀਆਂ ਅੱਜ ਤੱਕ ਪਰਚੇ ਤੱਕ ਭੋਗ ਰਹੇ ਹਨ।