ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਨੇ ਵੀਰਵਾਰ ਨੂੰ ਪਿੰਡ ਤੋਲਾਵਾਲ ਵਿਖੇ ਇੱਕ ਕਿਸਾਨ ਦੇ ਘਰ ਅਤੇ ਜ਼ਮੀਨ ਦੀ ਕੁਰਕੀ ਰੋਕੀ। ਕਿਸਾਨ ਨੇ ਇੱਕ ਨਿੱਜੀ ਫਾਈਨਾਂਸ ਕੰਪਨੀ ਤੋਂ ਕਰਜ਼ਾ ਲਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਰਾਮ ਸ਼ਰਨ ਸਿੰਘ ਉਗਰਾਹਾਂ ਅਤੇ ਸੁਖਪਾਲ ਸਿੰਘ ਮਾਣਕ ਨੇ ਦੱਸਿਆ ਕਿ ਪਿੰਡ ਤੋਲਾਵਾਲ ਦੇ ਕਿਸਾਨ ਗੁਰਜੰਟ ਸਿੰਘ ਨੇ ਸਾਲ 2020 ਦੇ ਵਿੱਚ ਇੱਕ ਨਿੱਜੀ ਫਾਈਨਾਂਸ ਕੰਪਨੀ ਤੋਂ 20 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ ਜਿਸ ਵਿੱਚੋਂ ਉਕਤ ਕਿਸਾਨ 15 ਲੱਖ ਕਿਸਾਨ ਭਰ ਚੁੱਕਿਆ ਹੈ ਪਰੰਤੂ ਹੁਣ 28 ਲੱਖ ਰੁਪਏ ਹੋਰ ਮੰਗੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਅੱਜ ਤਹਿਸੀਲਦਾਰ ਦੀ ਮੌਜੂਦਗੀ ਵਿੱਚ ਅਧਿਕਾਰੀਆਂ ਨੇ ਜ਼ਮੀਨ ਅਤੇ ਘਰ ਕੁਰਕੀ ਕਰਨ ਆਉਣਾ ਸੀ ਲੇਕਿਨ ਜਦੋਂ ਇਸ ਦੀ ਭਿਣਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਪਈ ਤਾਂ ਕਿਸਾਨਾਂ ਦੇ ਰੋਹ ਅੱਗੇ ਪ੍ਰਸ਼ਾਸਨ ਕੁਰਕੀ ਨਹੀਂ ਕਰ ਸਕਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਰਜੇ ਬਦਲੇ ਕਿਸੇ ਵੀ ਕਿਸਾਨ ਮਜ਼ਦੂਰ ਦੇ ਘਰ ਤੇ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਅਮੀਰ ਪੱਖੀ ਨੀਤੀਆਂ ਲਾਗੂ ਕਰਕੇ ਕਿਸਾਨਾਂ ਨੂੰ ਬੇਘਰ ਕਰਨ ਤੇ ਉਤਾਰੂ ਹੋ ਰਹੀ ਹੈ। ਸਰਕਾਰ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ਼ ਕਰਦੀ ਹੈ ਉਸੇ ਤਰ੍ਹਾਂ ਹੀ ਕਿਸਾਨਾਂ ਮਜ਼ਦੂਰਾਂ ਦੇ ਮੁਕੰਮਲ ਕਰਜ਼ੇ ਮਾਫ਼ ਕੀਤੇ ਜਾਣ।