ਦੇਵੀਗੜ੍ਹ : ਡਾ. ਬੀ. ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ, ਜੁਲਾਹ ਖੇੜੀ ਵਿਖੇ ਆਯੋਜਿਤ ਕੀਤੀਆਂ ਗਈਆਂ ਭੁਨਰਹੇੜੀ ਜ਼ੋਨ ਦੀਆਂ 70ਵੀਆਂ ਖੇਡਾਂ ਸ਼ਾਨੋ-ਸ਼ੌਕਤ ਅਤੇ ਭਾਰੀ ਉਤਸ਼ਾਹ ਨਾਲ ਸੰਪੰਨ ਹੋ ਗਈਆਂ ਹਨ। ਤਿੰਨ ਦਿਨ ਚੱਲੇ ਇਸ ਖੇਡ ਕੁੰਭ ਦੇ ਅੰਤ ਵਿੱਚ ਵੱਖ-ਵੱਖ ਸਕੂਲਾਂ ਦੇ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਮੈਡਲ ਤੇ ਟਰਾਫ਼ੀਆਂ ਵੰਡ ਕੇ ਸਨਮਾਨਿਤ ਕੀਤਾ ਗਿਆ। ਖੇਡਾਂ ਦੇ ਪਹਿਲੇ ਦੋ ਦਿਨ ਇਨਡੋਰ ਮੁਕਾਬਲਿਆਂ ਵਿੱਚ ਜ਼ੋਨ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਸ਼ਤਰੰਜ, ਜੂਡੋ, ਕਰਾਟੇ ਅਤੇ ਕਿੱਕ-ਬਾਕਸਿੰਗ ਦੇ ਫਸਵੇਂ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਖਿਡਾਰੀਆਂ ਨੇ ਆਪਣੇ ਖੇਡ ਜੌਹਰ ਵਿਖਾਏ। ਖੇਡਾਂ ਦੇ ਤੀਜੇ ਦਿਨ ਆਊਟਡੋਰ ਖੇਡਾਂ ਦੇ ਤਹਿਤ ਟੱਗ ਆਫ਼ ਵਾਰ (ਰੱਸਾ-ਕੱਸੀ) ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਪੂਰੇ ਜੋਸ਼, ਤਾਕਤ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਅਤੇ ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ, ਜ਼ੋਨ ਸਕੱਤਰ ਤਰਸੇਮ ਸਿੰਘ, ਜ਼ੋਨ ਪ੍ਰਧਾਨ ਹਰਪ੍ਰੀਤ (ਪ੍ਰਿੰਸੀਪਲ ਭੁਨਰਹੇੜੀ), ਜ਼ੋਨ ਉੱਪ-ਪ੍ਰਧਾਨ ਮਨੋਜ ਕੁਮਾਰ ਜੋਈਆ, ਨਿਰੰਜਨ ਸਿੰਘ ਨੰਜਾ ਸਟੇਟ ਐਵਾਰਡੀ (ਪ੍ਰਿੰਸੀਪਲ ਇੰਚਾਰਜ ਭਗਵਾਨਪੁਰ ਜੱਟਾਂ) ਦਾ ਮੁੱਖ ਯੋਗਦਾਨ ਰਿਹਾ। ਇਸ ਮੌਕੇ ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਨੇ ਆਏ ਹੋਏ ਸਾਰੇ ਮਹਿਮਾਨਾਂ, ਪ੍ਰਬੰਧਕਾਂ, ਖਿਡਾਰੀਆਂ ਅਤੇ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।