ਮੋਹਾਲੀ : ਭਾਰਤ ਸਰਕਾਰ ਦੇ ਨੈਸ਼ਨਲ ਹੈਲਥ ਸਿਸਟਮਜ਼ ਰਿਸੋਰਸ ਸੈਂਟਰ (NHSRC) ਦੀ ਟੀਮ ਵੱਲੋਂ ਫੇਜ਼-7 ਸਥਿਤ ਆਮ ਆਦਮੀ ਕਲੀਨਿਕ ਦਾ ਦੌਰਾ ਕਰਕੇ ਈ-ਔਸ਼ਧੀ (e-Aushadhi) ਪ੍ਰਣਾਲੀ ਦੇ ਕੰਮਕਾਜ ਦੀ ਜਾਂਚ ਅਤੇ ਮੁਲਾਂਕਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਾ ਗਿਰੀਸ਼ ਡੋਗਰਾ ਜ਼ਿਲ੍ਹਾ ਟੀਕਾਕਰਨ ਅਫਸਰ ਵੀ ਹਾਜ਼ਰ ਸਨ। ਜਾਣਕਾਰੀ ਮੁਤਾਬਕ ਇਹ ਮੁਲਾਂਕਣ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਦੀ ਉਪਲਬਧਤਾ, ਸਟਾਕ ਪ੍ਰਬੰਧਨ, ਡਿਜ਼ੀਟਲ ਰਿਕਾਰਡ ਅਤੇ ਦਵਾਈਆਂ ਦੀ ਸਪਲਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ। ਟੀਮ ਨੇ ਕਲੀਨਿਕ ਵਿੱਚ ਈ-ਔਸ਼ਧੀ ਪੋਰਟਲ ਰਾਹੀਂ ਦਵਾਈਆਂ ਦੀ ਪ੍ਰਾਪਤੀ, ਵੰਡ, ਸਟਾਕ ਦੀ ਸਥਿਤੀ, ਐਕਸਪਾਇਰੀ ਮੈਨੇਜਮੈਂਟ ਅਤੇ ਰਿਕਾਰਡ ਦੀ ਜਾਂਚ ਕੀਤੀ। ਇਸ ਦੌਰਾਨ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਅਤੇ ਦਵਾਈਆਂ ਦੀ ਉਪਲਬਧਤਾ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਡਿਜ਼ੀਟਲ ਦਵਾਈ ਪ੍ਰਬੰਧਨ ਪ੍ਰਣਾਲੀ ਨਾਲ ਦਵਾਈਆਂ ਦੀ ਨਿਗਰਾਨੀ, ਪਾਰਦਰਸ਼ਤਾ ਅਤੇ ਸਮੇਂ ਸਿਰ ਉਪਲਬਧਤਾ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਸਿਹਤ ਵਿਭਾਗ ਐੱਸ.ਏ.ਐੱਸ. ਨਗਰ ਦੇ ਅਧਿਕਾਰੀਆਂ ਨੇ ਟੀਮ ਨੂੰ ਭਰੋਸਾ ਦਿਵਾਇਆ ਕਿ ਈ-ਔਸ਼ਧੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਮਰੀਜ਼ਾਂ ਨੂੰ ਨਿਰਵਿਘਨ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।