ਪਾਤੜਾਂ : ਸਬ ਡਿਵੀਜ਼ਨ ਪਾਤੜਾਂ ਕਸਬਾ ਘੱਗਾ ਵਿਖੇ ਝੁੱਗੀਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਮਜ਼ਦੂਰ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਅਤੇ ਘਰ ਬਣਾਉਣ ਦੇ ਲਈ ਯੋਗ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਵੱਲੋਂ ਪਾਤੜਾਂ ਪਟਿਆਲਾ ਮੁੱਖ ਸੜਕ ਉੱਪਰ ਰੋਸ ਧਰਨਾ ਦੇ ਕੇ ਜਾਮ ਲਗਾਇਆ ਗਿਆ। ਦਰਸ਼ਨਕਾਰੀਆਂ ਵੱਲੋਂ ਕੀਤੇ ਗਏ ਰੋੜ ਜਾਮ ਵਿੱਚ ਮਜ਼ਦੂਰ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਲੱਗਭੱਗ ਢਾਈ ਘੰਟੇ ਤੱਕ ਚੱਲੇ ਜਾਮ ਤੋਂ ਬਾਅਦ ਨਾਇਬ ਤਹਿਸੀਲਦਾਰ ਹਰਸਿਮਰਨ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਕਿ ਪੰਜ ਦਿਨਾਂ ਦੇ ਅੰਦਰ-ਅੰਦਰ ਮਜ਼ਦੂਰ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਸਬੰਧੀ ਮਤਾ ਪਾਸ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।ਲਿਖਤੀ ਭਰੋਸਾ ਮਿਲਣ ਤੋਂ ਬਾਅਦ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਜਾਮ ਖੋਲ੍ਹਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਭਾ ਦੇ ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ, ਜ਼ਿਲ੍ਹਾ ਆਗੂ ਖੁਸ਼ਵੰਤ ਹਨੀ ਅਤੇ ਰਾਹੁਲ ਨੇ ਕਿਹਾ ਕਿ ਕਸਬਾ ਘੱਗਾ ਵਿਖੇ ਸੈਂਕੜੇ ਪਰਿਵਾਰ ਪਿਛਲੇ ਪੰਜ ਛੇ ਦਹਾਕਿਆਂ ਤੋਂ ਝੁੱਗੀਆਂ ਝੋਂਪੜੀਆਂ ਵਿੱਚ ਰਹਿ ਰਹੇ ਹਨ ਪਰ ਬਦਕਿਸਮਤੀ ਦੀ ਗੱਲ ਹੈ ਕਿ ਸਰਕਾਰਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰਾਂ ਵਾਅਦੇ ਵੱਡੇ ਵੱਡੇ ਕਰਦੀਆਂ ਹਨ ਪਰ ਅਮਲੀ ਰੂਪ ਵਿੱਚ ਉਹਨਾਂ ਨੂੰ ਲਾਗੂ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਲੋਕ ਅੱਜ ਵੀ ਗੁਰਬਤ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਸ ਦੌਰਾਨ ਨੌਜਵਾਨ ਆਗੂ ਗੁਰਦੀਪ ਆਜ਼ਾਦ ਤੇ ਗੌਰਵ ਸ਼ੁਤਰਾਣਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜ ਦਿਨਾਂ ਦੇ ਅੰਦਰ ਪ੍ਰਸ਼ਾਸਨ ਆਪਣੇ ਲਿਖਤੀ ਵਾਅਦੇ ਨੂੰ ਪੂਰਾ ਨਹੀਂ ਕਰਦਾ ਅਤੇ ਮਤਾ ਪਾਸ ਕਰਕੇ ਅਗਲੀ ਕਾਰਵਾਈ ਸ਼ੁਰੂ ਨਹੀਂ ਕਰਦਾ, ਤਾਂ ਉਹ ਹੋਰ ਤਿੱਖਾ ਸੰਘਰਸ਼ ਉਲੀਕਣ ਲਈ ਮਜ਼ਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿਤਪਾਲ ਕਲਵਾਣੂ ਪ੍ਰਦੀਪ ਨਾਨਕਪੁਰਾ, ਜਸਵੀਰ ਸਿੰਘ, ਰਾਹੁਲ ਸਿੰਘ, ਬਿੱਟੂ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਮਜ਼ਦੂਰ ਸ਼ਾਮਲ ਹੋਏl