ਖਰੜ - ਸ਼ਹਿਰ ਵਿੱਚ ਠੱਪ ਪਏ ਵਿਕਾਸ ਕਾਰਜਾਂ, ਸੀਵਰੇਜ ਅਤੇ ਪਾਣੀ ਦੀਆਂ ਗੰਭੀਰ ਸਮੱਸਿਆਵਾਂ ਤੋਂ ਅੱਕੇ ਖਰੜ ਵਾਸੀਆਂ ਦੀ ਆਵਾਜ਼ ਚੁੱਕਦਿਆਂ ਸਮਾਜ ਸੇਵੀ ਸੰਸਥਾ ‘ਲੋਕ ਆਵਾਜ਼ ਐਸੋਸੀਏਸ਼ਨ’ ਅਤੇ ‘ਕਰਤਾਰ ਸਿੰਘ ਸਰਾਭਾ ਕਲੱਬ’ ਵੱਲੋਂ ਖਰੜ ਵਿਖੇ ਇੱਕ ਵਿਸ਼ਾਲ ‘ਗੱਡੀ ਜਾਗੋ ਰੈਲੀ’ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਤੋਂ ਬਾਅਦ ਨਗਰ ਕੌਂਸਲ ਦੇ ਈ.ਓ. (ਕਾਰਜਸਾਧਕ ਅਫ਼ਸਰ) ਨਾਲ ਮੁਲਾਕਾਤ ਕਰਕੇ ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਦੀਆਂ ਭਾਰੀ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਆਗੂਆਂ ਅਤੇ ਸਥਾਨਕ ਲੋਕਾਂ ਨੇ ਐਮ.ਸੀ. (ਨਗਰ ਕੌਂਸਲ) ਦਫ਼ਤਰ ਦੇ ਖ਼ਰਾਬ ਰਵੱਈਏ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਵੀ ਆਮ ਨਗਰਿਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਲਿਖਤੀ ਸ਼ਿਕਾਇਤਾਂ ਲੈ ਕੇ ਦਫ਼ਤਰ ਜਾਂਦੇ ਹਨ, ਤਾਂ ਉੱਥੇ ਸ਼ਿਕਾਇਤਾਂ ਖੋਹ ਲਈਆਂ ਜਾਂਦੀਆਂ ਹਨ ਅਤੇ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਇਸ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਰੈਲੀ ਦੌਰਾਨ ਆਗੂਆਂ ਨੇ ਦੱਸਿਆ ਕਿ ਖਰੜ ਸ਼ਹਿਰ ਵਿੱਚ ਹਰ ਪਾਸੇ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ। ਇਸ ਤੋਂ ਇਲਾਵਾ ਅਮਨ ਸਿਟੀ ਅਤੇ ਦਸ਼ਮੇਸ਼ ਨਗਰ ਸਮੇਤ ਵੱਖ-ਵੱਖ ਮੁਹੱਲਿਆਂ ਵਿੱਚ ਬਰਸਾਤੀ ਅਤੇ ਗੰਦੇ ਪਾਣੀ ਦੇ ਖੜ੍ਹਨ ਦੀ ਵੱਡੀ ਸਮੱਸਿਆ ਵੱਲ ਈ.ਓ. ਦਾ ਧਿਆਨ ਦਿਵਾਇਆ ਗਿਆ। ਲੋਕਾਂ ਨੇ ਆਪਣਾ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪਾਣੀ ਦੀ ਸੁਚੱਜੀ ਨਿਕਾਸੀ ਦਾ ਜਲਦ ਤੋਂ ਜਲਦ ਪੁਖ਼ਤਾ ਹੱਲ ਕੀਤਾ ਜਾਵੇ।
ਫੋਟੋ ਕੈਪਸ਼ਨ ਕੇਐਚਆਰ 05