ਪਾਤੜਾਂ : ਘਰੇਲੂ ਗੈਸ ਖਪਤਕਾਰਾਂ ਨੂੰ ਭਵਿੱਖ ਵਿੱਚ ਗੈਸ ਸਪਲਾਈ ਸਬੰਧੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਾਉਣ ਲਈ ਆਪਣੀ ਕੇਵਾਈਸੀ ਜਲਦ ਤੋਂ ਜਲਦ ਮੁਕੰਮਲ ਕਰਵਾਉਣ ਦੀ ਅਪੀਲ ਕਰਦਿਆਂ ਕੌਸ਼ਲ ਐਚ ਪੀ ਗੈਸ ਏਜੰਸੀ ਦੇ ਪ੍ਰੋਪ੍ਰਾਇਟਰ ਕਪਿਲ ਕੌਸ਼ਲ ਮਲਿਕ ਨੇ ਦੱਸਿਆ ਕਿ ਕਈ ਗੈਸ ਖ਼ਾਤੇ ਅਜਿਹੇ ਹਨ ਜਿਨ੍ਹਾਂ ਦੇ ਖ਼ਾਤਾ ਧਾਰਕ ਵਿਦੇਸ਼ ਵਿੱਚ ਰਹਿ ਰਹੇ ਹਨ ਜਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਮਾਮਲਿਆਂ ਵਿੱਚ ਗੈਸ ਕਨੈਕਸ਼ਨ ਨੂੰ ਨਿਯਮਾਂ ਅਨੁਸਾਰ ਕਾਨੂੰਨੀ ਵਾਰਸਾਂ ਦੇ ਨਾਮ 'ਤੇ ਤਬਦੀਲ ਕਰਵਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਲਈ ਲੋੜੀਂਦੇ ਦਸਤਾਵੇਜ਼ ਅਤੇ ਸਬੂਤ ਗੈਸ ਏਜੰਸੀ ਵਿੱਚ ਜਮ੍ਹਾਂ ਕਰਵਾਏ ਜਾਣ, ਤਾਂ ਜੋ ਰਿਕਾਰਡ ਅਪਡੇਟ ਕੀਤਾ ਜਾ ਸਕੇ ਅਤੇ ਭਵਿੱਖ ਵਿੱਚ ਗੈਸ ਸਿਲੰਡਰ ਦੀ ਸਪਲਾਈ ਜਾਂ ਹੋਰ ਸੇਵਾਵਾਂ ਲੈਣ ਸਮੇਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਅਗਲੇ ਹੁਕਮਾਂ ਤੱਕ ਨਵੇਂ ਘਰੇਲੂ ਗੈਸ ਕਨੈਕਸ਼ਨ ਜਾਰੀ ਕਰਨ ਦੀ ਪ੍ਰਕਿਰਿਆ ਫਿਲਹਾਲ ਰੋਕੀ ਗਈ ਹੈ। ਹਾਲਾਂਕਿ, ਨਵੇਂ ਕਨੈਕਸ਼ਨ ਲੈਣ ਦੇ ਇੱਛੁਕ ਖਪਤਕਾਰਾਂ ਤੋਂ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਕੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਨਵੇਂ ਕਨੈਕਸ਼ਨ ਜਾਰੀ ਕਰਨ ਦੀ ਮਨਜ਼ੂਰੀ ਮਿਲੇਗੀ, ਰਜਿਸਟਰ ਹੋਏ ਬਿਨੈਕਾਰਾਂ ਨੂੰ ਨਿਯਮਾਂ ਅਨੁਸਾਰ ਕਨੈਕਸ਼ਨ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਗੈਸ ਏਜੰਸੀ ਵੱਲੋਂ ਖਪਤਕਾਰਾਂ ਦੀ ਸਹੂਲਤ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਉਪਭੋਗਤਾ ਨੂੰ ਬੇਲੋੜੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਮੂਹ ਗੈਸ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਏਜੰਸੀ ਨਾਲ ਸੰਪਰਕ ਕਰਕੇ ਆਪਣੇ ਰਿਕਾਰਡ ਦੀ ਜਾਂਚ ਕਰਵਾਉਣ ਅਤੇ ਜੇਕਰ ਕੇਵਾਈਸੀ ਜਾਂ ਨਾਮ ਤਬਦੀਲੀ ਸਬੰਧੀ ਕੋਈ ਕਾਰਵਾਈ ਬਾਕੀ ਹੈ ਤਾਂ ਉਸ ਨੂੰ ਤੁਰੰਤ ਪੂਰਾ ਕਰਵਾਉਣ।