ਅੰਮ੍ਰਿਤਸਰ : ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਤੀਆਂ ਦਾ ਮੇਲਾ 2026 ਹੋਲੀ ਸਿਟੀ ਵਿੱਚ ਬੜੇ ਹੀ ਉਤਸ਼ਾਹ ਅਤੇ ਸਭਿਆਚਾਰਕ ਢੰਗ ਨਾਲ ਮਨਾਇਆ ਗਿਆ। ਇਹ ਮੇਲਾ ਹੋਲੀ ਸਿਟੀ ਦੀ ਵਸਨੀਕ ਸ੍ਰੀਮਤੀ ਰਬਿੰਦਰ ਕੌਰ ਵੱਲੋਂ “ਅੰਮੜੀ ਦਾ ਵੇਹੜਾ” ਦੇ ਨਾਮ ਹੇਠ ਕਰਵਾਇਆ ਗਿਆ। ਇਸ ਮੌਕੇ ਸ੍ਰੀਮਤੀ ਰਬਿੰਦਰ ਕੌਰ ਅਤੇ ਉਨ੍ਹਾਂ ਦੀਆਂ ਸਹੇਲੀਆਂ ਵੱਲੋਂ ਪੰਜਾਬੀ ਲੋਕ ਨਾਚ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ, ਜਿਸ ਨੇ ਸਮਾਗਮ ਵਿੱਚ ਮੌਜੂਦ ਔਰਤਾਂ ਅਤੇ ਮਹਿਮਾਨਾਂ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਸਵਾਲ-ਜਵਾਬ ਮੁਕਾਬਲੇ ਵੀ ਕਰਵਾਏ ਗਏ ਅਤੇ ਵਧੀਆ ਬੋਲੀ, ਸੋਹਣੀ ਪੰਜਾਬਣ ਆਦਿ ਵਰਗੇ ਖਿਤਾਬਾਂ ਨਾਲ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਪਹੁੰਚੇ ਮਹਿਮਾਨਾਂ ਨੂੰ ਸੁੰਦਰ ਤੋਹਫੇ ਵੀ ਭੇਟ ਕੀਤੇ ਗਏ। ਸਮੁੱਚੇ ਤੌਰ ’ਤੇ ਤੀਆਂ ਦਾ ਇਹ ਮੇਲਾ ਖੁਸ਼ੀਆਂ, ਉਤਸ਼ਾਹ ਅਤੇ ਪੰਜਾਬੀ ਸੱਭਿਆਚਾਰ ਦੀ ਝਲਕ ਨਾਲ ਭਰਪੂਰ ਰਿਹਾ। ਇਸ ਮੌਕੇ ਹਾਜ਼ਰ ਔਰਤਾਂ ਨੇ ਪੰਜਾਬ ਦੇ ਪੁਰਾਤਨ ਸੱਭਿਆਚਾਰ ਅਤੇ ਵਿਰਸੇ ਨੂੰ ਜੀਵਤ ਰੱਖਣ ਲਈ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ, ਰੀਤੀ-ਰਿਵਾਜਾਂ ਅਤੇ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।