ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ (ਕਲਾਸ 6ਵੀਂ), ਸੈਸ਼ਨ 2027–2028 ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਪਹਿਲਾਂ 31.07.2026 ਨੂੰ ਨਿਰਧਾਰਤ ਕੀਤੀ ਗਈ ਸੀ। ਕੁਝ ਪ੍ਰਸ਼ਾਸਨਿਕ ਕਾਰਨਾਂ ਅਤੇ ਨਵੋਦਿਆ ਵਿਦਿਆਲਿਆ ਸਮਿਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਇਹ ਮਿਤੀ ਵਧਾ ਕੇ 07.08.2026 ਕਰ ਦਿੱਤੀ ਗਈ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਅਜੇ ਤੱਕ ਆਪਣੇ ਬੱਚਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਹ ਹੁਣ 07.08.2026 ਤੱਕ ਫਾਰਮ ਭਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਦੀਪਤੀ ਭਟਨਾਗਰ ਨੇ ਦੱਸਿਆ ਕਿ ਵਿਦਿਆਰਥੀ ਦੇ ਮਾਪੇ ਸੰਬੰਧਿਤ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣ, ਵਿਦਿਆਰਥੀ ਨੇ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਲਗਾਤਾਰ ਕਿਸੇ ਸਰਕਾਰੀ ਜਾਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਕੂਲ ਵਿੱਚੋਂ ਪੜ੍ਹੀ ਹੋਵੇ, ਵਿਦਿਆਰਥੀ ਦੀ ਜਨਮ ਮਿਤੀ 01.05.2015 ਤੋਂ 31.07.2017 (ਦੋਵੇਂ ਤਰੀਖਾਂ ਸਮੇਤ) ਦੇ ਵਿਚਕਾਰ ਹੋਣੀ ਚਾਹੀਦੀ ਹੈ, ਓ.ਬੀ.ਸੀ. ਵਰਗ ਦੇ ਵਿਦਿਆਰਥੀਆਂ ਦੇ ਮਾਪੇ ਸੇਵਾ ਕੇਂਦਰ ਤੋਂ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਜਾਤੀ ਸਰਟੀਫਿਕੇਟ ਕੇਂਦਰੀ ਸੂਚੀ ਵਿੱਚ ਸ਼ਾਮਲ ਹੈ। ਜੇਕਰ ਸਰਟੀਫਿਕੇਟ ਕੇਂਦਰੀ ਸੂਚੀ ਵਿੱਚ ਸ਼ਾਮਲ ਨਹੀਂ ਹੈ, ਤਾਂ ਰਜਿਸਟ੍ਰੇਸ਼ਨ ਜਨਰਲ ਵਰਗ ਵਿੱਚ ਕਰਵਾਈ ਜਾਵੇ। ਆਨਲਾਈਨ ਰਜਿਸਟ੍ਰੇਸ਼ਨ ਲਈ https://navodaya.gov.in/nvs/en/Home1 ਵੈੱਬਸਾਈਟ ਦੀ ਵਰਤੋਂ ਕੀਤੀ ਜਾ ਸਕਦੀ ਹੈ: ਪ੍ਰਿੰਸੀਪਲ ਦੀਪਤੀ ਭਟਨਾਗਰ ਨੇ ਇਹ ਵੀ ਦੱਸਿਆ ਕਿ ਚੋਣ ਪ੍ਰੀਖਿਆ 28 ਨਵੰਬਰ 2026 ਨੂੰ ਸੰਬੰਧਿਤ ਜ਼ਿਲ੍ਹੇ ਦੇ ਨਿਰਧਾਰਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ। ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਪ੍ਰੋਸਪੈਕਟਸ ਵਿੱਚ ਦਿੱਤੀਆਂ ਸਾਰੀਆਂ ਸ਼ਰਤਾਂ ਅਤੇ ਹਦਾਇਤਾਂ ਧਿਆਨ ਨਾਲ ਪੜ੍ਹ ਲੈਣੀਆਂ ਚਾਹੀਦੀਆਂ ਹਨ।