ਸੁਨਾਮ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਅਸਥਾਨ ਸ੍ਰੀ ਸੀਰ ਗੋਵਰਧਨਪੁਰ ਕਾਸ਼ੀ , (ਬਨਾਰਸ) ਤੋਂ ਆਈ ਪਵਿੱਤਰ ਮਿੱਟੀ ਦੇ ਕਲਸ਼ ਨੂੰ ਭਾਜਪਾ ਜ਼ਿਲ੍ਹਾ ਸੰਗਰੂਰ-2 ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਸੁਨਾਮ ਊਧਮ ਸਿੰਘ ਵਾਲਾ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਦੁਆਰਾ ਕੋਕੋ ਮਾਜਰੀ ਸਾਹਿਬ ਵਿਖੇ ਲੈ ਕੇ ਪਹੁੰਚੇ। ਇਸ ਮੌਕੇ ਇਲਾਕੇ ਦੀ ਸੰਗਤ ਵੱਲੋਂ ਪਵਿੱਤਰ ਕਲਸ਼ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਅਤੇ ਸ਼ਰਧਾ ਭਰਪੂਰ ਸਵਾਗਤ ਕੀਤਾ । ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਇਹ ਪਵਿੱਤਰ ਯਾਤਰਾ ਅਤੇ ਸਮਾਗਮ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਪੰਜਾਬ ਭਾਜਪਾ ਲੀਡਰਸ਼ਿਪ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਾਨਤਾ, ਭਾਈਚਾਰੇ, ਸੇਵਾ ਅਤੇ ਮਾਨਵਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਅਤੇ ਸਮਾਜ ਨੂੰ ਉਨ੍ਹਾਂ ਦੀ ਮਹਾਨ ਸਿੱਖਿਆ ਨਾਲ ਜੋੜਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ ਅਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਹੀ ਸਮਾਜ ਵਿੱਚ ਭਾਈਚਾਰਕ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਪਵਿੱਤਰ ਕਲਸ਼ ਦਾ ਸਵਾਗਤ ਕਰਨ ਵਾਲੀਆਂ ਸੰਗਤਾਂ ਨੇ ਗੁਰੂ ਮਹਾਰਾਜ ਜੀ ਪ੍ਰਤੀ ਆਪਣੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼ੇਰਵਿੰਦਰ ਸਿੰਘ ਧਾਲੀਵਾਲ, ਭਾਜਪਾ ਸਰਕਲ ਪ੍ਰਧਾਨ ਰਾਜੀਵ ਮੱਖਣ, ਸੰਜੇ ਗੋਇਲ, ਅੰਕਿਤ ਕਾਂਸਲ, ਜੋਨੀ, ਅਸ਼ੋਕ ਗੋਇਲ, ਸ਼ੰਕਰ ਬਾਂਸਲ, ਧੀਰਜ ਗੋਇਲ, ਭਗਵਾਨ ਢੋਟ, ਰਜਿੰਦਰਪਾਲ ਰੋਗਲਾ, ਆਸ਼ੀ, ਬਾਟੂ, ਘਨਈਆ ਲਾਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।