ਪਟਿਆਲਾ : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਬੁੱਧਵਾਰ ਸਵੇਰੇ ਪਟਿਆਲਾ ਦੇ ਪੋਲੋ ਗਰਾਊਂਡ ਦਾ ਦੌਰਾ ਕਰਕੇ ਉੱਥੇ ਖਿਡਾਰੀਆਂ ਲਈ ਉਪਲਬਧ ਖੇਡ ਸਹੂਲਤਾਂ, ਸਿਖਲਾਈ ਪ੍ਰਬੰਧਾਂ ਅਤੇ ਬੁਨਿਆਦੀ ਢਾਂਚੇ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਫੈਂਸਿੰਗ, ਬਾਕਸਿੰਗ, ਜੂਡੋ, ਬੈਡਮਿੰਟਨ, ਐਥਲੈਟਿਕਸ ਸਮੇਤ ਹੋਰਨਾਂ ਖੇਡਾਂ ਦੀ ਸਿਖਲਾਈ ਦਾ ਨਿਰੀਖਣ ਕੀਤਾ ਅਤੇ ਵੱਖ-ਵੱਖ ਖੇਡਾਂ ਦੇ ਕੋਚਾਂ ਅਤੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਸਿਖਲਾਈ ਅਤੇ ਖੇਡ ਸਹੂਲਤਾਂ ਸਬੰਧੀ ਫੀਡਬੈਕ ਪ੍ਰਾਪਤ ਕੀਤਾ। ਦੌਰੇ ਦੌਰਾਨ ਜ਼ਿਲ੍ਹਾ ਖੇਡ ਅਧਿਕਾਰੀ (ਡੀਐਸਓ) ਨਵਜੋਤ ਧਾਲੀਵਾਲ ਨੇ ਪੋਲੋ ਗਰਾਊਂਡ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਅਤੇ ਲੋੜਾਂ ਚੇਅਰਮੈਨ ਸ੍ਰੀ ਮਹਿਤਾ ਦੇ ਧਿਆਨ ਵਿੱਚ ਲਿਆਂਦੀਆਂ। ਚੇਅਰਮੈਨ ਸ੍ਰੀ ਮਹਿਤਾ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਦ੍ਰਿੜ੍ਹ ਇਰਾਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਖੇਡ ਮੈਦਾਨਾਂ ਨਾਲ ਜੁੜਦੇ ਹਨ ਤਾਂ ਉਨ੍ਹਾਂ ਦੀ ਊਰਜਾ ਸਕਾਰਾਤਮਕ ਦਿਸ਼ਾ ਵੱਲ ਲੱਗਦੀ ਹੈ ਅਤੇ ਉਹ ਸਿਹਤਮੰਦ ਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਖੇਡਾਂ ਨਾਲ ਸਬੰਧਤ ਹਰ ਜਾਇਜ਼ ਮੰਗ ਨੂੰ ਪਹਿਲ ਦੇ ਆਧਾਰ 'ਤੇ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਖੇਡ ਸਹੂਲਤਾਂ ਦੇ ਹੋਰ ਵਿਕਾਸ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਖੇਡ ਅਧਿਕਾਰੀ (ਡੀਐਸਓ) ਨਵਜੋਤ ਧਾਲੀਵਾਲ, ਫੈਂਸਿੰਗ ਕੋਚ ਅਰਜਨ ਕੁਮਾਰ, ਬਾਸਕਟਬਾਲ ਕੋਚ ਗੁਰਮੀਤ ਸਿੰਘ, ਰਾਜ ਕੁਮਾਰ ਰਾਓ ਅਤੇ ਖੇਡ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।