ਮੋਰਿੰਡਾ : ਸਿੱਖ ਧਰਮ ਦੇ ਸਰਬ ਉੱਚ ਸਥਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹ ਵਿਚਾਰ ਬੀਬੀ ਰਣਜੀਤ ਕੌਰ ਚੇਅਰਪਰਸਨ ਰਾਮਗੜ੍ਹੀਆ ਕੋਆਪਰੇਟਿਵ ਬੈਂਕ ਦਿੱਲੀ ਨੇ ਮਹਾਰਾਜਾ ਸ੍ਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰਗਟ ਕੀਤੇ । ਉਹਨਾਂ ਆਖਿਆ ਕਿ ਜੋ ਮਰਯਾਦਾ ਸਦੀਆਂ ਤੋਂ ਚੱਲਦੀ ਆ ਰਹੀ ਹੈ, ਉਹ ਕਾਇਮ ਰਹਿਣੀ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ। ਤਖ਼ਤਾਂ ਦੀ ਆਜ਼ਾਦੀ ਸਿੱਖ ਪੰਥ ਦੀ ਜ਼ਿੰਮੇਵਾਰੀ ਹੈ। ਹਜ਼ੂਰ ਸਾਹਿਬ ਸਾਡੀ ਸ਼ਾਨ ਹੈ । ਸਿੱਖ ਪੰਥ ਦੇ ਫ਼ੈਸਲੇ, ਸਿੱਖ ਪੰਥ ਦੇ ਹੱਥ ਵਿੱਚ ਹੀ ਰਹਿਣੇ ਚਾਹੀਦੇ ਹਨ। ਸਿੱਖ ਕੌਮ ਆਪਣੇ ਤਖ਼ਤਾਂ ਦੀ ਖੁਦ ਮੁਖਤਿਆਰੀ ਚਾਹੁੰਦੀ ਹੈ। ਧਾਰਮਿਕ ਅਦਾਰਿਆਂ 'ਤੇ ਸਿਆਸੀ ਕਬਜ਼ਾ ਸਿੱਖ ਕੌਮ ਕਦਾਚਿਤ ਮਨਜ਼ੂਰ ਨਹੀਂ । ਉਹਨਾਂ ਕਿਹਾ ਕਿ ਸਰਕਾਰਾਂ ਇਹੀ ਚਾਹੁੰਦੀਆਂ ਹਨ ਕਿ ਅੱਜ ਹਜ਼ੂਰ ਸਾਹਿਬ... ਕੱਲ੍ਹ ਕਿਸੇ ਹੋਰ ਧਾਰਮਿਕ ਸਥਾਨ ਦਾ ਕੰਟਰੋਲ ਸੰਭਾਲ ਸਕੇ। ਇਸ ਲਈ ਗੁਰੂ ਘਰਾਂ ਦਾ ਪ੍ਰਬੰਧ, ਗੁਰੂ ਦੇ ਸਿੱਖਾਂ ਕੋਲ ਹੀ ਰਹਿਣੇ ਚਾਹੀਦੇ ਹਨ। ਇਸ ਮੌਕੇ ਬੀਬੀ ਰਣਜੀਤ ਕੌਰ ਨੇ ਫੈਡਰੇਸ਼ਨ ਦੇ ਦਫ਼ਤਰ ਨੇੜੇ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਲੱਗੇ ਬੁੱਤ ਅਤੇ ਇਸ ਦੀ ਸਾਂਭ ਸੰਭਾਲ ਕਰਨ ਲਈ ਫੈਡਰੇਸ਼ਨ ਦੇ ਮੈਂਬਰਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ।