ਪਾਤੜਾਂ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕੇਂਦਰੀ ਏਕੀਕ੍ਰਿਤ ਨਾਸ਼ਕਜੀਵ ਪ੍ਰਬੰਧਨ ਕੇਂਦਰ ਜਲੰਧਰ ਦੀ ਸਾਂਝੀ ਟੀਮ ਵੱਲੋਂ ਪਿੰਡ ਸ਼ੇਰਗੜ੍ਹ ਖੁਰਦ ਅਤੇ ਬਹਿਰ ਜੱਛ ਦੇ ਉਨ੍ਹਾਂ ਖੇਤਾਂ ਦਾ ਵਿਸ਼ੇਸ਼ ਪੜਤਾਲ ਕੀਤੀ ਜਿੱਥੇ ਝੋਨੇ ਦੀ ਫ਼ਸਲ ਵਿੱਚ ਸਦਰਨ ਬਲੈਕ ਰਾਈਸ ਸਟ੍ਰੀਕ ਡਵਾਰਫ ਵਾਇਰਸ ਦੇ ਹਮਲੇ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ ਸੀ। ਸਾਂਝੀ ਨਿਰੀਖਣ ਟੀਮ ਦੀ ਅਗਵਾਈ ਖੇਤੀਬਾੜੀ ਵਿਕਾਸ ਅਫ਼ਸਰ ਏਡੀਓ ਵਿਜੇ ਕੁਮਾਰ ਅਤੇ ਕੇਂਦਰੀ ਟੀਮ ਵੱਲੋਂ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਏਪੀਪੀਓ ਡਾ ਚੰਦਰ ਭਾਨ ਨੇ ਕੀਤੀ। ਇਸ ਮੌਕੇ ਜਤਿੰਦਰ ਸਿੰਘ ਏਐੱਸਆਈ ਅਤੇ ਟੀਮ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਖੇਤੀ ਵਿਗਿਆਨੀ ਡਾ ਚੰਦਰ ਭਾਨ ਅਤੇ ਏਡੀਓ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਵਾਇਰਸ ਮੁੱਖ ਤੌਰ ’ਤੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲਦਾ ਹੈ। ਰੋਕਥਾਮ ਨਾ ਕੀਤੀ ਜਾਵੇ ਤਾਂ ਫ਼ਸਲ ਦਾ ਵਿਕਾਸ ਰੁਕ ਜਾਂਦਾ ਹੈ, ਬੂਟੇ ਬੌਣੇ ਰਹਿ ਜਾਂਦੇ ਹਨ ਅਤੇ ਪੱਤੇ ਗੂੜ੍ਹੇ ਹਰੇ ਰੰਗ ਦੇ ਹੋ ਜਾਂਦੇ ਹਨ। ਬਚਾਅ ਸਬੰਧੀ ਉਨ੍ਹਾਂ ਕਿਸਾਨਾਂ ਨੂੰ ਖੇਤਾਂ ਦਾ ਨਿਯਮਿਤ ਨਿਰੀਖਣ ਕਰਨ ਅਤੇ ਬੂਟਿਆਂ ਦੇ ਮੁੱਢਾਂ ਨੇੜੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਮੌਜੂਦਗੀ ’ਤੇ ਖ਼ਾਸ ਨਜ਼ਰ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਝੋਨਾ ਲਾਉਂਦੇ ਸਮੇਂ ਹਰ 2-3 ਮੀਟਰ ਬਾਅਦ ਕਰੀਬ ਅੱਧਾ ਫੁੱਟ ਜਗ੍ਹਾ ਖਾਲੀ ਛੱਡੀ ਜਾਵੇ, ਤਾਂ ਜੋ ਖੇਤ ਵਿੱਚ ਹਵਾ ਅਤੇ ਰੌਸ਼ਨੀ ਦੀ ਆਵਾਜਾਈ ਬਣੀ ਰਹੇ ਅਤੇ ਟਿੱਡੇ ਦਾ ਹਮਲਾ ਘੱਟ ਹੋਵੇ। ਦਵਾਈ ਦਾ ਛਿੜਕਾਅ ਹਮੇਸ਼ਾ ਬੂਟਿਆਂ ਦੇ ਮੁੱਢਾਂ ਵੱਲ ਕੀਤਾ ਜਾਵੇ, ਕਿਉਂਕਿ ਇਹ ਟਿੱਡਾ ਪਾਣੀ ਦੀ ਸਤ੍ਹਾ ਦੇ ਨੇੜੇ ਬੂਟੇ ਦੇ ਹੇਠਲੇ ਹਿੱਸੇ ’ਤੇ ਰਹਿੰਦਾ ਹੈ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਜਾਂ ਘਬਰਾਹਟ ਵਿੱਚ ਨਾ ਆਉਣ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਤੁਰੰਤ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ।