ਸਮਾਣਾ : ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਉਦੇਸ਼ ਨਾਲ ਪਬਲਿਕ ਕਾਲਜ, ਸਮਾਣਾ ਅਤੇ ਕਾਲਜ ਅਧੀਨ ਚਲਾਏ ਜਾ ਰਹੇ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਸਮਾਣਾ ਦੇ ਐਨ.ਐਸ.ਐਸ. ਯੂਨਿਟਾਂ ਅਤੇ ਐਨ.ਸੀ.ਸੀ. ਵਿੰਗ ਵੱਲੋਂ ਸਾਂਝੇ ਤੌਰ ਤੇ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਕੰਡਕਟ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਲੇਖ-ਲਿਖਣ ਦੇ ਮੁਕਾਬਲੇ ਕੰਡਕਟ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਾ ਮੁਕਤ ਜੀਵਨ ਦੇ ਮਹੱਤਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਪ੍ਰੋਗਰਾਮ ਦੌਰਾਨ ਐਨ.ਸੀ.ਸੀ. ਕੈਡਿਟਸ ਅਤੇ ਵਿਦਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਸਮਾਜ ਸੇਵਾ ਨਾਲ ਜੁੜ ਕੇ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਗਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਐਨ.ਸੀ.ਸੀ. ਕੈਡਿਟਸ ਅਤੇ ਵਿਦਿਆਰਥੀਆਂ ਨੇ ਨਸ਼ਾ ਮੁਕਤ ਪੰਜਾਬ ਅਤੇ ਨਸ਼ਾ ਮੁਕਤ ਭਾਰਤ ਦੀ ਸਿਰਜਣਾ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ। ਇਸ ਮੌਕੇ ਲੈਫਟੀਨੈਂਟ ਡਾ. ਅਨਿਲ ਕੁਮਾਰ ਅਤੇ 5ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਦੇ ਹੌਲਦਾਰ ਪ੍ਰੇਮ ਚੰਦ ਤੋਂ ਇਲਾਵਾ ਡਾ. ਅਰਵਿੰਦਰ ਕਾਕੜਾ, ਡਾ. ਗੁਰਜਿੰਦਰ ਸਿੰਘ ਨਾਗੀ ਅਤੇ ਪ੍ਰੋ. ਹਮਿਤ ਕੁਮਾਰ ਆਦਿ ਮੌਜੂਦ ਰਹੇ।