ਖਨੌਰੀ : ਸ਼ਹਿਰ ਦੇ ਵਾਰਡ ਨੰਬਰ 2 ਵਿੱਚ ਬੱਬੂ ਡਰਾਈਵਰ ਦੇ ਘਰ ਤੋਂ ਮਨਸਾ ਦੇਵੀ ਕਲੋਨੀ ਨੂੰ ਜਾਣ ਵਾਲੀ ਗਲੀ ਪਿਛਲੇ 8-9 ਸਾਲਾਂ ਤੋਂ ਅਧੂਰੀ ਪਈ ਹੋਣ ਕਾਰਨ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਰਣਜੀਤ ਸਿੰਘ, ਬਲਵਿੰਦਰ ਸਿੰਘ,ਜਰਨੈਲ ਸਿੰਘ, ਸਰੇਸ,ਬਖਵਿੰਦਰ, ਰਾਣੀ ਦੇਵੀ, ਅਮਨ ਦੇਵੀ, ਨੰਨੂ, ਰਾਮ ਦੇਵੀ, ਕ੍ਰਿਸ਼ਨਾ ਦੇਵੀ ਤੇ ਮਲਕੀਤ ਕੌਰ ਅਤੇ ਹੋਰ ਵਾਰਡ ਵਾਸੀਆਂ ਨੇ ਦੱਸਿਆ ਕਿ ਨਗਰ ਪੰਚਾਇਤ ਖਨੌਰੀ ਵੱਲੋਂ ਇਸ ਗਲੀ ਦੇ ਨਿਰਮਾਣ ਲਈ ਅੱਜ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਰਹੇ ਕੌਂਸਲਰਾਂ ਅਤੇ ਨਗਰ ਪੰਚਾਇਤ ਦੇ ਪ੍ਰਧਾਨਾਂ ਨੂੰ ਵੀ ਕਈ ਵਾਰ ਮਿਲ ਚੁੱਕੇ ਹਨ, ਜਦਕਿ ਮੌਜੂਦਾ ਕੌਂਸਲਰਾਂ ਅਤੇ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਇਹ ਮਾਮਲਾ ਕਈ ਵਾਰ ਲਿਆਂਦਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਗਲੀ ਦਾ ਨਿਰਮਾਣ ਨਹੀਂ ਹੋ ਸਕਿਆ।
ਰਣਜੀਤ ਸਿੰਘ ਬੱਬੂ ਨੇ ਦੱਸਿਆ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਕਾਰਨ ਗਲੀ ਵਿੱਚ ਪਾਣੀ ਖੜ੍ਹਾ ਹੋਣ ਅਤੇ ਕੀੜੇ-ਮਕੌੜੇ ਪੈਦਾ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਗਲੀ ਰਾਹੀਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਅਤੇ ਸਕੂਲੀ ਬੱਚੇ ਆਵਾਜਾਈ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਆਉਣ ਵਾਲੇ ਅਕਤੂਬਰ ਮਹੀਨੇ ਵਿੱਚ ਉਨ੍ਹਾਂ ਦੀ ਬੇਟੀ ਦਾ ਵਿਆਹ ਵੀ ਨਿਰਧਾਰਤ ਹੈ, ਪਰ ਗਲੀ ਦੀ ਮਾੜੀ ਹਾਲਤ ਕਾਰਨ ਪਰਿਵਾਰ ਚਿੰਤਤ ਹੈ। ਉਨ੍ਹਾਂ ਕਿਹਾ ਕਿ ਵਿਆਹ ਸਮਾਗਮ ਤੋਂ ਪਹਿਲਾਂ ਗਲੀ ਦਾ ਨਿਰਮਾਣ ਹੋਣਾ ਬਹੁਤ ਜ਼ਰੂਰੀ ਹੈ।
ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ, ਕੈਬਨਿਟ ਮੰਤਰੀਆਂ ਅਤੇ ਹਲਕਾ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਤੋਂ ਮੰਗ ਕੀਤੀ ਕਿ ਬੱਬੂ ਡਰਾਈਵਰ ਵਾਲੀ ਗਲੀ ਤੋਂ ਮਨਸਾ ਦੇਵੀ ਕਲੋਨੀ ਨੂੰ ਜਾਣ ਵਾਲੇ ਰਸਤੇ ਨੂੰ ਜਲਦ ਤੋਂ ਜਲਦ ਪੱਕਾ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।