ਬਲਾਚੌਰ : ਬਲਾਚੌਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦਿੰਦੇ ਹੋਏ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਵਾਰਡ ਨੰਬਰ 11 ਵਿੱਚ ਗੰਦੇ ਪਾਣੀ ਦੇ ਨਿਕਾਸ ਦੇ ਪ੍ਰਬੰਧਾਂ ਨੂੰ ਦਰੁਸਤ ਕਰਨ ਲਈ 2 ਲੱਖ 26 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਚੇਅਰਮੈਨ ਜਲਾਲਪੁਰ ਨੇ ਇਹ ਰਾਸ਼ੀ ਵਾਰਡ ਦੀ ਕੌਂਸਲਰ ਐਮ.ਸੀ. ਅਤੇ ਹੋਰ ਪਤਵੰਤਿਆਂ ਨੂੰ ਸੌਂਪੀ। ਇਸ ਗਰਾਂਟ ਦੇ ਜਾਰੀ ਹੋਣ ਨਾਲ ਵਾਰਡ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਪਾਣੀ ਦੇ ਨਿਕਾਸੀ ਦੀ ਸਮੱਸਿਆ ਹੱਲ ਹੋਵੇਗੀ ਅਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤੀ ਮਿਲੇਗੀ।
ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਹਰ ਵਾਰਡ ਦੇ ਵਿਕਾਸ ਨੂੰ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਇਆ ਜਾ ਰਿਹਾ ਹੈ। ਲੋਕਾਂ ਦੀਆਂ ਸਥਾਨਕ ਜ਼ਰੂਰਤਾਂ ਅਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਹੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਪੂਰੇ ਬਲਾਚੌਰ ਸ਼ਹਿਰ ਦਾ ਸਰਵਪੱਖੀ ਵਿਕਾਸ ਹੋ ਸਕੇ।ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ ਅਤੇ ਵਾਰਡ ਨੰਬਰ 11 ਦੀ ਐਮ.ਸੀ. ਨਿਰਮਲਾ ਰਾਣੀ ਨੇ ਇਸ ਗਰਾਂਟ ਲਈ ਚੇਅਰਮੈਨ ਸਤਨਾਮ ਜਲਾਲਪੁਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਗਰਾਂਟ ਸੌਂਪਣ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਮਿਉਨੀਸੀਪਲ ਕਮੇਟੀ ਬਲਾਚੌਰ ਦੇ ਪ੍ਰਧਾਨ ਲਾਡੀ ਰਾਣਾ, ਬਲਾਕ ਪ੍ਰਧਾਨ ਸੁਰਿੰਦਰ ਭੱਟੀ, ਐਸ.ਸੀ. ਵਿੰਗ ਦੇ ਸਾਬਕਾ ਜ਼ਿਲ੍ਹਾ ਸਕੱਤਰ ਮਨਜੀਤ ਬੇਦੀ, ਵਾਰਡ ਨੰਬਰ 11 ਤੋਂ ਐਮ.ਸੀ. ਨਿਰਮਲਾ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਨਿਵਾਸੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।