ਸਮਾਣਾ : ਸਥਾਨਕ ਕਲੀਨ ਐਂਡ ਗਰੀਨ ਪਾਰਕ ਕਲੱਬ ਸਮਾਣਾ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਚਿਲਡਰਨ ਮੈਮੋਰੀਅਲ ਪਾਰਕ ਵਿਖੇ ਇੱਕ ਵਿਸ਼ੇਸ਼ ਯੋਗਾ ਕੈਂਪ ਦਾ ਆਯੋਜਨ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ ਨੇ ਹਿੱਸਾ ਲਿਆ। ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਯੋਗ ਅਚਾਰੀਆ ਅਮਰੀਕ ਸਿੰਘ, ਮੈਡਮ ਸੋਨੀਆ ਸੋਢੀ ਅਤੇ ਸੁਰੇਸ਼ ਗੋਗੀਆ ਨੇ ਹਾਜ਼ਰੀਨ ਨੂੰ ਯੋਗਾ ਦੇ ਵੱਖ-ਵੱਖ ਆਸਣ, ਪ੍ਰਾਣਾਯਾਮ ਅਤੇ ਸਰੀਰਕ ਕਿਰਿਆਵਾਂ ਕਰਵਾਈਆਂ। ਉਨ੍ਹਾਂ ਨੇ ਵੱਖ-ਵੱਖ ਆਸਣਾਂ ਦੇ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਰੋਜ਼ਾਨਾ ਯੋਗ ਕਰਨ ਦੀ ਸਹੀ ਤਕਨੀਕ ਸਿਖਾਈ। ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭਾਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਚਿਲਡਰਨ ਮੈਮੋਰੀਅਲ ਪਾਰਕ ਸਮਾਣਾ ਵਿਖੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਰੋਜ਼ਾਨਾ ਯੋਗਾ ਦੀਆਂ ਮੁਫ਼ਤ ਕਲਾਸਾਂ ਲਗਾਈਆਂ ਜਾਂਦੀਆਂ ਹਨ।ਸਵੇਰ ਦਾ ਸਮਾਂ: 5:30 ਵਜੇ ਤੋਂ 7:00 ਵਜੇ ਤੱਕ,ਸ਼ਾਮ ਦਾ ਸਮਾਂ: 5:00 ਵਜੇ ਤੋਂ 6:00 ਵਜੇ ਤੱਕ ਉਨ੍ਹਾਂ ਅੱਗੇ ਦੱਸਿਆ ਕਿ ਲਗਾਤਾਰ ਯੋਗਾ ਕਰਨ ਨਾਲ ਕਈ ਲੋਕਾਂ ਦੀਆਂ ਭਿਆਨਕ ਅਤੇ ਪੁਰਾਣੀਆਂ ਬਿਮਾਰੀਆਂ ਜੜ੍ਹ ਤੋਂ ਖ਼ਤਮ ਹੋ ਚੁੱਕੀਆਂ ਹਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਡੇ ਸਰੀਰ ਨੂੰ ਨਿਰੋਗ ਅਤੇ ਤੰਦਰੁਸਤ ਰੱਖਣ ਲਈ ਯੋਗਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਅਤਿ ਜ਼ਰੂਰੀ ਹੈ।