ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਉੱਤਰਾਖੰਡ ਦੇ ਕਰਨਪ੍ਰਯਾਗ ਵਿਖੇ ਨਿਹੰਗ ਸਿੰਘਾਂ ਅਤੇ ਕੁਝ ਸਥਾਨਕ ਲੋਕਾਂ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਪੁਲਿਸ ਵੱਲੋਂ ਨਿਹੰਗ ਸਿੰਘਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਕਿਸੇ ਵੀ ਪੱਖ ਨਾਲ ਬੇਇਨਸਾਫ਼ੀ ਨਾ ਹੋਵੇ। ਗਿਆਨੀ ਰਾਮ ਸਿੰਘ ਖਾਲਸਾ ਨੇ ਕਿਹਾ ਕਿ ਨਿਹੰਗ ਸਿੰਘ ਸਿੱਖ ਕੌਮ ਦੀ ਵਿਲੱਖਣ ਅਤੇ ਇਤਿਹਾਸਕ ਪਰੰਪਰਾ ਦੇ ਵਾਰਸ ਹਨ। ਉਨ੍ਹਾਂ ਵੱਲੋਂ ਦੁਮਾਲਾ ਸਜਾਉਣਾ ਅਤੇ ਸ਼ਸਤਰ ਧਾਰਨ ਕਰਨਾ ਸਿੱਖ ਧਰਮ ਦੀ ਮਰਿਆਦਾ ਅਤੇ ਰਿਵਾਇਤ ਦਾ ਅਟੁੱਟ ਹਿੱਸਾ ਹੈ, ਜੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਸਤਰ ਸਿਰਫ਼ ਸਜਾਵਟ ਜਾਂ ਪ੍ਰਦਰਸ਼ਨ ਲਈ ਨਹੀਂ, ਸਗੋਂ ਧਰਮ, ਇਨਸਾਫ਼ ਅਤੇ ਮਨੁੱਖਤਾ ਦੀ ਰੱਖਿਆ ਦੇ ਪ੍ਰਤੀਕ ਹਨ ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਨਿਹੰਗ ਸਿੰਘਾਂ ਅਤੇ ਖਾਲਸਾ ਪੰਥ ਦੇ ਯੋਧਿਆਂ ਨੇ ਮੁਗਲ ਅਤੇ ਅੰਗਰੇਜ਼ ਹਕੂਮਤਾਂ ਦੇ ਜ਼ੁਲਮਾਂ ਦਾ ਡਟ ਕੇ ਸਾਹਮਣਾ ਕੀਤਾ। ਖਾਲਸਾ ਫੌਜਾਂ ਨੇ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਕਮਜ਼ੋਰ ਵਰਗਾਂ ਦੀ ਰੱਖਿਆ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਨੇ ਉੱਤਰਾਖੰਡ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਪੂਰੀ ਪਾਰਦਰਸ਼ਤਾ ਨਾਲ ਜਾਂਚ ਕਰਵਾਈ ਜਾਵੇ ਅਤੇ ਸਾਰੇ ਤੱਥਾਂ ਨੂੰ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਸੰਵੇਦਨਸ਼ੀਲਤਾ ਅਤੇ ਸੂਝ-ਬੂਝ ਨਾਲ ਨਿਪਟਾਉਣ ਦੀ ਲੋੜ ਹੈ ਤਾਂ ਜੋ ਸਮਾਜ ਵਿੱਚ ਆਪਸੀ ਭਾਈਚਾਰਾ ਅਤੇ ਸਦਭਾਵਨਾ ਬਣੀ ਰਹੇ।ਗਿਆਨੀ ਰਾਮ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਸੰਗਤਾਂ ਇਸ ਮਾਮਲੇ ’ਤੇ ਗੰਭੀਰ ਨਜ਼ਰ ਰੱਖ ਰਹੀਆਂ ਹਨ ਅਤੇ ਉਮੀਦ ਕਰਦੀਆਂ ਹਨ ਕਿ ਪ੍ਰਸ਼ਾਸਨ ਨਿਰਪੱਖ ਰਵੱਈਆ ਅਪਣਾਉਂਦਿਆਂ ਇਨਸਾਫ਼ ਨੂੰ ਯਕੀਨੀ ਬਣਾਵੇਗਾ। ਉਨ੍ਹਾਂ ਨੇ ਸੰਗਤਾਂ ਨੂੰ ਵੀ ਸ਼ਾਂਤੀ, ਸਬਰ ਅਤੇ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਆਪਣੀ ਆਵਾਜ਼ ਉਠਾਉਣ ਦੀ ਅਪੀਲ ਕੀਤੀ।