ਸਮਾਣਾ : ਸਰਕਾਰੀ ਹਸਪਤਾਲਾਂ ਵਿੱਚ ਬਹੁਤ ਸਾਰੇ ਲੋੜਵੰਦ ਲੋਕ ਆਪਣੇ ਇਲਾਜ ਲਈ ਆਉਂਦੇ ਹਨ। ਜੇਕਰ ਇਨ੍ਹਾਂ ਹਸਪਤਾਲਾਂ ਵਿੱਚ ਡਾਕਟਰ ਪੂਰੀ ਈਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ, ਤਾਂ ਆਮ ਜਨਤਾ ਵੱਲੋਂ ਸਰਕਾਰ ਦੇ ਸਿਹਤ ਕ੍ਰਾਂਤੀ ਦੇ ਉਪਰਾਲਿਆਂ ਨੂੰ ਵੱਡਾ ਹੁੰਗਾਰਾ ਮਿਲਦਾ ਹੈ। ਅਜਿਹੀ ਹੀ ਸੋਚ ਨਾਲ ਸਿਹਤ ਸੇਵਾਵਾਂ ਦੀ ਨੁਹਾਰ ਬਦਲਣ ਵਾਲੇ ਅਧਿਕਾਰੀ ਹਨ ਡਾ. ਮੋਨਿਕਾ ਸੂਦ (ਐੱਮ.ਡੀ. ਮਾਈਕ੍ਰੋਬਾਇਓਲੋਜੀ), ਜੋ ਬਤੌਰ ਸੀਨੀਅਰ ਮੈਡੀਕਲ ਅਫ਼ਸਰ (ਐੱਸ.ਐੱਮ.ਓ.) ਸੀ.ਐੱਚ.ਸੀ. ਭਾਦਸੋਂ ਵਿਖੇ ਪਿਛਲੇ ਅੱਠ ਮਹੀਨਿਆਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੀ ਸੁਚੱਜੀ ਅਗਵਾਈ ਸਦਕਾ ਹੀ ਸੀ.ਐੱਚ.ਸੀ. ਭਾਦਸੋਂ ਦਾ ਨਾਮ ਪੰਜਾਬ ਭਰ ਵਿੱਚੋਂ ਪਹਿਲੇ ਸਥਾਨ ਉੱਤੇ ਆਇਆ ਹੈ। ਕੈਂਪਾਂ ਵਿੱਚ ਕੁੱਲ 3838 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 2114 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ। ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਅਤੇ ਅਗਲਾ ਇਲਾਜ ਕੋਲੰਬੀਆ ਐਸ਼ੀਅਨ ਸੁਪਰਸਪੈਸ਼ਲਿਟੀ ਹਸਪਤਾਲ ਪਟਿਆਲਾ ਅਤੇ ਡਾ. ਪ੍ਰੀਤਇੰਦਰ ਸਿੰਘ ਚੀਮਾ ਦੇ ਸਹਿਯੋਗ ਨਾਲ, ਡਾ. ਮੋਨਿਕਾ ਸੂਦ, ਡਾ. ਰਵਨੀਤ ਕੌਰ ਅਤੇ ਬਾਕੀ ਸਟਾਫ਼ ਵੱਲੋਂ ਮਾਤਾ ਕੌਸ਼ਲਿਆ ਹਸਪਤਾਲ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੀਆਂ ਬਿਹਤਰ ਸੇਵਾਵਾਂ ਸਦਕਾ ਉਨ੍ਹਾਂ ਦਾ ਨਾਮ ਸਿਹਤ ਵਿਭਾਗ ਦੇ ਰਾਜ ਪੱਧਰੀ ਅਵਾਰਡ ਪ੍ਰੋਗਰਾਮ ਲਈ ਨਾਮਜ਼ਦ ਹੋਇਆ ਹੈ।