ਮੋਗਾ : ਪੰਜਾਬ ਦੀ ਸਿੱਖਿਆ ਹਾਲਤ ਬਦ ਤੋ ਬਦਤਰ ਹੁੰਦੀ ਜਾ ਰਹੀ ਹੈ। ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ ਵਿੱਚ ਉਲਝਾ ਕੇ ਸਕੂਲਾਂ ਤੋ ਬਾਹਰ ਕਰ ਦਿੱਤਾ ਗਿਆ ਹੈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ 17000 ਤੋ ਵੱਧ ਅਧਿਆਪਕਾਂ ਨੂੰ ਬੀ ਐੱਲ ਓ ਡਿਊਟੀ ਵਿੱਚ ਲਾ ਐੱਸ ਆਈ ਆਰ ਸਰਵੇ ਕਰਨ ਲਈ ਸਕੂਲਾਂ ਤੋ ਬਾਹਰ ਕਰ ਦਿੱਤਾ ਹੈ ਉਹ ਆਉਣ ਵਾਲੇ ਮਹੀਨਿਆਂ ਵਿੱਚ ਘਰ ਘਰ ਜਾ ਕੇ ਵੋਟਰਾਂ ਦੇ ਫਾਰਮ ਭਰਨਗੇ ਅਤੇ ਉਹਨਾਂ ਨੂੰ ਔਨਲਾਈਨ ਅਪਲੋਡ ਕਰਨਗੇ ਜੋ ਕਿ ਇੱਕ ਲੰਬੀ ਪ੍ਰਕਿਰਿਆ ਹੈ ਅਤੇ ਕਈ ਮਹੀਨੇ ਤੱਕ ਚਲਦੀ ਰਹੇਗੀ। ਇਸੇ ਡਰੱਗ ਜਨ ਗਣਨਾ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਨਾਂ 'ਤੇ ਲਗਭਗ ਵੀਹ ਹਜਾਰ ਅਧਿਆਪਕਾਂ ਨੂੰ ਸਕੂਲਾਂ ਤੋ ਬਾਹਰ ਕਰ ਦਿੱਤਾ ਹੈ। ਉਹਨਾਂ ਕਿਹਾ ਆਪਣੇ ਘਰਾਂ ਤੋ ਸੈਂਕੜੇ ਕਿਲੋਮੀਟਰ ਦੂਰ ਬੈਠੇ ਅਧਿਆਪਕ ਬਦਲੀਆਂ ਉਡੀਕ ਰਹੇ ਸਨ ਪਰ ਵਿਭਾਗ ਦਾ ਅਚਾਨਕ ਇਹ ਫ਼ੈਸਲਾ ਲੈਣਾ ਬਹੁਤ ਮੰਦਭਾਗਾ ਹੈ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਤੋ ਸੱਖਣੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕੌਣ ਪੜਾਏਗਾ? ਆਗੂਆਂ ਨੇ ਦੱਸਿਆ ਕਿ ਕੁਝ ਜਿਲਿਆਂ ਵਿੱਚ ਅਧਿਆਪਕਾਂ ਨੂੰ ਐਫ਼ ਆਈ ਆਰ ਅਤੇ ਤਨਖਾਹ ਰੋਕਣ ਦੀਆਂ ਧਮਕੀਆਂ ਦੇ ਕੇ ਜ਼ਬਰੀ ਇਹਨਾਂ ਡਿਊਟੀਆਂ ਨੂੰ ਕਰਵਾਇਆ ਜਾਂ ਰਿਹਾ ਹੈ, ਜਿਸਨੂੰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਬਰਦਾਸ਼ਤ ਨਹੀਂ ਕਰੇਗਾ। ਆਗੂਆਂ ਨੇ ਦੱਸਿਆ ਕਿ ਇਹਨਾਂ ਗੈਰ ਵਿਦਿਅਕ ਕੰਮਾਂ ਦੇ ਵਿਰੋਧ ਵਿੱਚ 18 ਅਤੇ 19 ਨੂੰ ਸਾਰੇ ਪੰਜਾਬ ਵਿੱਚ ਜ਼ਿਲਾ ਪੱਧਰ 'ਤੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਭੇਜੇ ਜਾਣਗੇ।