ਖਨੌਰੀ : ਬੀਤੇ ਦਿਨੀਂ ਸਥਾਨਕ ਸ਼ਹਿਰ ਖਨੌਰੀ ਦੀ ਨੈਣਾਂ ਦੇਵੀ ਮੰਦਰ ਧਰਮਸ਼ਾਲਾ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ ਅਤੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਸੁਣਨ ਲਈ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੀ ਅਗਵਾਈ ਪੰਜਾਬ ਵਪਾਰ ਕਮਿਸ਼ਨ ਦੇ ਚੇਅਰਮੈਨ ਪ੍ਰਿੰਸ ਗਰਗ ਨੇ ਕੀਤੀ, ਜਦਕਿ ਇਸ ਮੌਕੇ ਐਸ.ਡੀ.ਐਮ. ਮੂਨਕ ਸਮੇਤ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਪ੍ਰਿੰਸ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਵਪਾਰੀ ਵਰਗ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀਆਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ। ਸ਼ਹਿਰ ਵਾਸੀਆਂ ਨੇ ਰੱਖੀਆਂ ਆਪਣੀਆਂ ਸਮੱਸਿਆਵਾਂ
ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਬਿਜਲੀ ਸਪਲਾਈ, ਪੀਣ ਵਾਲੇ ਪਾਣੀ ਦੀ ਕਮੀ ਅਤੇ ਸ਼ਹਿਰ ਵਿੱਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਮੁੱਦੇ ਉਠਾਏ ਗਏ। ਲੋਕਾਂ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਪ੍ਰਿੰਸ ਗਰਗ ਨੇ ਇਕੱਠੇ ਹੋਏ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਮਾਮਲੇ ਕੈਬਨਿਟ ਮੰਤਰੀ ਐਡਵੋਕੇਟ ਵਰਿੰਦਰ ਗੋਇਲ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।
ਕੌਂਸਲਰਾਂ ਨੇ ਵੀ ਸੁਣਵਾਈ ਨਾ ਹੋਣ ਦਾ ਮੁੱਦਾ ਚੁੱਕਿਆ
ਮੀਟਿੰਗ ਦੌਰਾਨ ਸ਼ਹਿਰ ਦੇ ਕੌਂਸਲਰਾਂ ਨੇ ਵੀ ਆਪਣੀਆਂ ਸਮੱਸਿਆਵਾਂ ਰੱਖੀਆਂ। ਕੌਂਸਲਰ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਠਾਏ ਜਾਂਦੇ ਕਈ ਵਿਕਾਸ ਕਾਰਜਾਂ ਅਤੇ ਜਨਤਕ ਮੁੱਦਿਆਂ ਦੀ ਸਮੇਂ ਸਿਰ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਨੇ ਸ਼ਹਿਰੀ ਲਾਈਟਾਂ ਅਤੇ ਹੋਰ ਵਿਕਾਸ ਕਾਰਜਾਂ ਨਾਲ ਸਬੰਧਿਤ ਮਸਲਿਆਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਮੰਗ ਕੀਤੀ।
ਰਜਿਸਟਰੀ ਰੇਟ ਘਟਾਉਣ ਦੀ ਮੰਗ
ਮੀਟਿੰਗ ਵਿੱਚ ਖਨੌਰੀ ਸ਼ਹਿਰ ਦੀਆਂ ਜਾਇਦਾਦਾਂ ਦੇ ਰਜਿਸਟਰੀ ਰੇਟਾਂ ਨੂੰ ਘਟਾਉਣ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਲੋਕਾਂ ਨੇ ਕਿਹਾ ਕਿ ਮੌਜੂਦਾ ਰੇਟ ਕਾਫ਼ੀ ਉੱਚੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਐਸ.ਡੀ.ਐਮ. ਮੂਨਕ ਨੇ ਲੋਕਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਭਰੋਸਾ ਦਿਵਾਇਆ ਕਿ ਰਜਿਸਟਰੀ ਰੇਟਾਂ ਸਬੰਧੀ ਉਠਾਈ ਗਈ ਸਮੱਸਿਆ ਨੂੰ ਜਲਦੀ ਹੱਲ ਕਰਨ ਲਈ ਯੋਗ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਗਰ ਪੰਚਾਇਤ ਦੇ ਕਾਰਜਸਾਧਕ ਅਫਸਰ ਬਰਜਿੰਦਰ ਸਿੰਘ,ਗੁਰਮੇਲ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਸ਼ਹਿਰ ਦੇ ਕੌਂਸਲਰ ਅਤੇ ਬਿਜਲੀ ਵਿਭਾਗ ਦੇ ਮੁਲਾਜ਼ਮ ਹਾਜ਼ਰ ਸਨ।