ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) : ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਵੱਲੋਂ ਢਕੋਲੀ ਖੇਤਰ ਵਿੱਚ ਡਾਇਰੀਆ ਦੀ ਜਾਂਚ ਅਤੇ ਨਿਗਰਾਨੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਬਲਾਕ ਰੈਪਿਡ ਰਿਸਪਾਂਸ ਟੀਮ ਵੱਲੋਂ ਦਸ਼ਮੇਸ਼ ਐਨਕਲੇਵ ਅਤੇ ਕ੍ਰਿਸ਼ਨਾ ਐਨਕਲੇਵ ਖੇਤਰਾਂ ਦਾ ਦੌਰਾ ਕਰਕੇ ਘਰ-ਘਰ ਸਰਵੇਖਣ ਕੀਤਾ ਗਿਆ। ਦਸ਼ਮੇਸ਼ ਐਨਕਲੇਵ ਵਿੱਚ ਕੁੱਲ 120 ਘਰਾਂ ਦਾ ਸਰਵੇਖਣ ਕੀਤਾ ਗਿਆ, ਜਿਸ ਦੌਰਾਨ ਡਾਇਰੀਆ ਦੇ 3 ਮਾਮਲੇ ਸਾਹਮਣੇ ਆਏ, ਜੋ ਕਿ ਗੰਭੀਰ ਨਹੀਂ ਸਨ। ਪ੍ਰਭਾਵਿਤ ਪਰਿਵਾਰਾਂ ਨੂੰ ਲੋੜੀਂਦੀ ਸਿਹਤ ਸਲਾਹ ਦਿੱਤੀ ਗਈ ਅਤੇ ਓ.ਆਰ.ਐਸ. ਦੇ ਘੋਲ ਦੀ ਵਰਤੋਂ, ਸੁਰੱਖਿਅਤ ਪੀਣ ਵਾਲੇ ਪਾਣੀ, ਹੱਥਾਂ ਦੀ ਸਫ਼ਾਈ ਅਤੇ ਸਵੱਛਤਾ ਸਬੰਧੀ ਜਾਗਰੂਕ ਕੀਤਾ ਗਿਆ। ਸਿਹਤ ਟੀਮਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ 50 ਓ.ਆਰ.ਐਸ. ਪੈਕਟ ਅਤੇ 250 ਕਲੋਰੀਨ ਗੋਲੀਆਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਪਾਣੀ ਦੀ ਗੁਣਵੱਤਾ ਦੀ ਜਾਂਚ ਲਈ 4 ਪਾਣੀ ਦੇ ਨਮੂਨੇ ਇਕੱਠੇ ਕੀਤੇ ਗਏ। ਕ੍ਰਿਸ਼ਨਾ ਐਨਕਲੇਵ ਵਿੱਚ 90 ਘਰਾਂ ਦਾ ਸਰਵੇਖਣ ਕੀਤਾ ਗਿਆ, ਜਿੱਥੇ ਡਾਇਰੀਆ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਸਿਹਤ ਟੀਮ ਵੱਲੋਂ 50 ਓ.ਆਰ.ਐਸ. ਪੈਕਟ ਅਤੇ 200 ਕਲੋਰੀਨ ਗੋਲੀਆਂ ਵੰਡੀਆਂ ਗਈਆਂ ਅਤੇ ਪਾਣੀ ਦੇ 3 ਨਮੂਨੇ ਜਾਂਚ ਲਈ ਇਕੱਠੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਨਿਯਮਤ ਫੀਲਡ ਦੌਰਿਆਂ, ਪਾਣੀ ਦੀ ਗੁਣਵੱਤਾ ਦੀ ਜਾਂਚ, ਜਾਗਰੂਕਤਾ ਮੁਹਿੰਮਾਂ ਅਤੇ ਸਿਹਤ ਟੀਮਾਂ ਦੀ ਤੁਰੰਤ ਕਾਰਵਾਈ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਰਤੋਂ ਕਰਨ, ਨਿੱਜੀ ਸਫ਼ਾਈ ਬਣਾਈ ਰੱਖਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।