ਸਮਾਣਾ : ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਸਮਾਣਾ ਸ਼ਹਿਰ ਦੀ ਮਿਊਂਸੀਪਲ ਕੌਂਸਲ ਚੋਣ ਪ੍ਰਚਾਰ ਦੌਰਾਨ ਸ਼ਹਿਰ ਦੇ ਅਹਿਮ ਵਿਕਾਸ ਮੁੱਦਿਆਂ ਤੇ ਗੱਲ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਣਾ ਸ਼ਹਿਰ ਦੇ ਵਿਕਾਸ ਲਈ ਵੋਟ ਕਰਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜਾਰੀ ਕਰਕੇ ਸਮਾਣਾ ਸ਼ਹਿਰ ਅੱਜ ਕਈ ਬੁਨਿਆਦੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਟਰੈਫਿਕ ਦੀ ਹੈ। ਇਸਦੇ ਨਾਲ ਹੀ ਟੁੱਟੀਆਂ ਸੜਕਾਂ ਦੀ ਮੁਰੰਮਤ, ਗਲੀਆਂ-ਨਾਲੀਆਂ ਦੀ ਮੁਰੰਮਤ, ਸੀਵਰੇਜ ਪ੍ਰਣਾਲੀ ਵਿੱਚ ਸੁਧਾਰ ਅਤੇ ਲੋਕਾਂ ਤੱਕ ਸਾਫ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਲੋੜ ਹੈ। ਸ਼ਹਿਰ ਵਿੱਚ ਨਵੇਂ ਪਾਰਕਾਂ ਦੀ ਉਸਾਰੀ, ਰਿਕਸ਼ਾ-ਰੇੜੀ ਚਾਲਕਾਂ ਲਈ ਸ਼ੈਡ, ਪਬਲਿਕ ਟੋਇਲਟਸ ਬਣਾਉਣ ਦੀ ਲੋੜ ਹੈ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ 26 ਮਈ ਨੂੰ ਹੋਣ ਵਾਲੀ ਵੋਟਿੰਗ ਦੌਰਾਨ ਕਿਸੇ ਕਿਸਮ ਦੀ ਹੁਲੜਬਾਜੀ ਨਾ ਕੀਤੀ ਜਾਵੇ, ਸ਼ਾਂਤੀਪੂਰਨ ਮਾਹੌਲ ਵਿੱਚ ਵੋਟਾਂ ਪਾਈਆਂ ਜਾਣ ਅਤੇ ਹਰ ਨਾਗਰਿਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੇ। ਸ. ਬਰਸਟ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਜਾਂ ਹੁੱਲੜਬਾਜ਼ੀ ਨਾ ਹੋਣ ਦਿੱਤੀ ਜਾਵੇ ਅਤੇ ਵਧੀਆ ਢੰਗ ਦੇ ਨਾਲ ਚੰਗੇ ਅਤੇ ਸਾਫ਼ ਸੁਥਰੇ ਉਮੀਦਵਾਰ ਚੁਣੇ ਜਾਣ ਤਾਂ ਕਿ ਸਮਾਣਾ ਸ਼ਹਿਰ ਨੂੰ ਪੰਜਾਬ ਦਾ ਵਧੀਆ ਸ਼ਹਿਰ ਬਣਾ ਸਕੀਏ, ਸਮਾਣਾ ਸ਼ਹਿਰ ਦੀ ਤਰੱਕੀ ਲਈ ਕੰਮ ਕਰ ਸਕੀਏ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸਮਾਣਾ ਸ਼ਹਿਰ ਦੀ ਤਰੱਕੀ ਅਤੇ ਵਿਕਾਸ ਲਈ ਵਚਨਬੱਧ ਉਮੀਦਵਾਰਾਂ ਨੂੰ ਚੁਣਿਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਅਤੇ ਮਹਿੰਗਾਈ ਵਧਾਉਣ ਵਾਲੀਆਂ ਪਾਰਟੀਆਂ ਦਾ ਡੱਟ ਕੇ ਵਿਰੋਧ ਕਰਨ।