ਸੰਗਰੂਰ : ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਪ੍ਰਧਾਨਗੀ ਤੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਨਿਗਰਾਨੀ ਵਿੱਚ ਸੰਗਰੂਰ ਵਿਖੇ ਹੋਈ । ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਤਰਕਸ਼ੀਲ ਮੈਗਜ਼ੀਨ ਦੇ ਮਈ ਅੰਕ ਨੂੰ ਲੋਕ ਅਰਪਣ ਕੀਤਾ ਗਿਆ ਤੇ ਨਵੇਂ ਪਾਠਕ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਹਰੇਕ ਮੈਂਬਰ ਵੱਲੋਂ ਘੱਟੋ ਘੱਟ ਦੋ ਨਵੇ ਪਾਠਕ ਬਣਾਉਣ ਦੀ ਸਹਿਮਤੀ ਬਣੀ। ਪਿਛਲੇ ਦਿਨੀਂ ਇਕਾਈ ਕੋਲ ਤਿੰਨ ਦਿਨਾਂ ਲਈ ਆਈ ਤਰਕਸ਼ੀਲ ਸਾਹਿਤ ਵੈਨ ਲਈ ਜ਼ਿਮੇਵਾਰੀ ਨਿਭਾਉਣ ਵਾਲੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।ਜੋਨ ਸੰਗਰੂਰ ਵੱਲੋਂ 14 ਮਈ ਨੂੰ ਪਖੰਡੀ ਬਾਬਿਆਂ, ਅਖੌਤੀ ਸਿਆਣਿਆਂ, ਵਾਸਤੂਸ਼ਾਸਤਰੀਆਂ ਵੱਲੋਂ ਲੋਕਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਆਦਿ ਕਰਨ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਪਿਛਲੇ ਦਿਨੀਂ ਹੋਈ ਸਾਲਾਨਾ ਇਕੱਤ੍ਰਤਾ ਦਾ ਰੀਵਿਊ ਕੀਤਾ ਗਿਆ। ਤਰਕਸ਼ੀਲ ਮੈਂਬਰਾਂ ਨੂੰ ਮੀਟਿੰਗਾਂ ਤੇ ਸਮਾਗਮਾਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਪ੍ਰੇਰਿਆ ਗਿਆ।ਮੀਟਿੰਗ ਵਿੱਚ ਲੋਕਾਂ ਨੂੰ ਅੰਧਵਿਸ਼ਵਾਸ, ਵਹਿਮ ਭਰਮ ਤੇ ਵੇਲਾ ਵਿਹਾਅ ਚੁੱਕੀਆਂ ਰਸਮਾਂ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਆਉਣ ਦਾ ਭਾਵਪੂਰਤ ਸੁਨੇਹਾ ਦਿੱਤਾ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪਰਮਿੰਦਰ ਸਿੰਘ,ਗੁਰਦੀਪ ਸਿੰਘ, ਪ੍ਰਗਟ ਸਿੰਘ ਬਾਲੀਆਂ ਗੁਰਜੰਟ ਸਿੰਘ, ਕ੍ਰਿਸ਼ਨ ਸਿੰਘ,ਸੁਖਦੇਵ ਸਿੰਘ ਕਿਸ਼ਨਗੜ੍ਹ ਨੇ ਸ਼ਮੂਲੀਅਤ ਕੀਤੀ।
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349