ਮੋਰਿੰਡਾ : ਮੋਰਿੰਡਾ,ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵੱਲੋਂ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਰੀਹਲ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਡੇਰਾ ਕਾਰ ਸੇਵਾ ਮੋਰਿੰਡਾ, ਕਮੇਟੀ, ਵਿਸ਼ਵਕਰਮਾ ਸਭਾ ਅਤੇ ਗੁਰਦੁਆਰਾ ਰਾਮਗੜੀਆ ਸਿੰਘ ਸਭਾ ਮੋਰਿੰਡਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਭਾਈ ਸੇਵਕ ਸਿੰਘ ਕੋਮਲ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ, ਭਾਈ ਗੁਰਮੀਤ ਸਿੰਘ ਜੀ ਸ੍ਰੀ ਫਤਿਹਗੜ੍ਹ ਸਾਹਿਬ ਵਾਲੇ ਅਤੇ ਭਾਈ ਗੁਰਬਾਜ ਸਿੰਘ ਜੀ ਕਥਾ ਵਾਚਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਆਦਿ ਨੇ ਅਪਣੇ ਜਥਿਆਂ ਸਮੇਤ ਕਥਾ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਸਮੂਹ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਅਮ੍ਰਿਤ ਛਕਣ,ਕਿਰਤ ਕਰਨ,ਵੰਡ ਛਕਣ ਅਤੇ ਗੁਰੂ ਵਲੋਂ ਦਰਸਾਏ ਮਾਰਗ ਅਨੁਸਾਰ ਲੋੜਵੰਦਾਂ ਦੀ ਹਰ ਪ੍ਰਕਾਰ ਦੀ ਮਦਦ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਮਹਾਰਾਜਾ ਸ੍ਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਫੈਡਰੇਸ਼ਨ ਦੇ ਸਕੱਤਰ ਦਲਜੀਤ ਸਿੰਘ ਮੁੰਡੇ ਨੇ ਸਮਾਗਮ ਵਿੱਚ ਪੁੱਜੀ ਗੁਰੂ ਦੀ ਸੰਗਤ ਇਲਾਕਾ ਨਿਵਾਸੀਆਂ ਅਤੇ ਪ੍ਰੈਸ ਕਲੱਬ ਮੋਰਿੰਡਾ ਵਲੋਂ ਦਿੱਤੇ ਭਰਵੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।