ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬੀ ਲੋਕਧਾਰਾ: ਪ੍ਰਾਪਤੀਆਂ ਅਤੇ ਸੰਭਾਵਨਾਵਾਂ' ਵਿਸ਼ੇ 'ਤੇ ਕਰਵਾਈ ਗਈ ਤਿੰਨ ਰੋਜ਼ਾ ਗਿਆਰਵੀਂ 'ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ' ਸਫਲਤਾਪੂਰਵਕ ਸੰਪੰਨ ਹੋ ਗਈ ਹੈ। ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਕਰਵਾਈ ਗਈ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਇਸ ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੀਤੀ ਗਈ। ਉੱਘੇ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ ਮੁੱਖ ਨੇ ਮਹਿਮਾਨ ਵਜੋਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਲੋਕਧਾਰਾ ਹੀ ਕਿਸੇ ਕੌਮ ਦੀ ਅਸਲ ਪਛਾਣ ਹੁੰਦੀ ਹੈ ਅਤੇ ਇਸ ਪਛਾਣ ਨੂੰ ਸੰਭਾਲਣ ਅਤੇ ਇਸ ਦਾ ਵਿਗਿਆਨਕ ਵਿਸ਼ਲੇਸ਼ਣ ਕਰਨ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਵਿਭਾਗ ਮੁਖੀ ਡਾ.ਮੋਹਨ ਸਿੰਘ ਤਿਆਗੀ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਇਸ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਲਈ ਕਾਨਫ਼ਰੰਸ ਵਿੱਚ ਸ਼ਾਮਿਲ ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਭਾਗੀ ਅਮਲੇ ਦਾ ਧੰਨਵਾਦ ਕੀਤਾ। ਵਿਭਾਗ ਅਧਿਆਪਕ ਡਾ.ਪਰਮੀਤ ਕੌਰ ਵੱਲੋਂ ਕਾਨਫ਼ਰੰਸ ਦੀਆਂ ਤਿੰਨ ਦਿਨ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਤੇ ਸੰਖੇਪ ਰਿਪੋਟ ਪੇਸ਼ ਕੀਤੀ ਗਈ। ਕਾਨਫ਼ਰੰਸ ਦੇ ਦੂਸਰੇ ਦਿਨ ਪੰਜਾਬ ਦੀ ਲੋਕਧਾਰਾ ਤੇ ਕ੍ਰਮਵਾਰ ਚਾਰ ਸ਼ੈਸ਼ਨ ਆਯੋਜਿਤ ਕੀਤੇ ਗਏ। ਇਨ੍ਹਾਂ ਸ਼ੈਸ਼ਨਾਂ ਵਿੱਚ ਲੋਕਧਾਰਾ ਦੇ ਵੱਖ-ਵੱਖ ਪੱਖਾਂ ਤੇ ਵਿਦਵਾਨਾਂ ਅਤੇ ਖੋਜਾਰਥੀਆਂ ਵੱਲੋਂ ਬੜੇ ਮਹੱਤਵਪੂਰਨ ਪੇਪਰ ਪੜ੍ਹੇ ਗਏ। ਉਨ੍ਹਾਂ ਨੇ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਲੋਕਧਾਰਾ ਦੇ ਖੇਤਰ ਵਿੱਚ ਦਰਪੇਸ਼ ਵੰਗਾਰਾਂ ਅਤੇ ਚੁਣੌਤੀਆਂ ਤੇ ਵੀ ਖੁੱਲ੍ਹ ਕੇ ਚਰਚਾ ਕੀਤੀ। ਸਾਰੇ ਵਿਦਵਾਨਾਂ ਦੀ ਇਹੀ ਸਾਂਝੀ ਰਾਇ ਸੀ ਕਿ ਲੋਕਧਾਰਾ ਇੱਕ ਗਤੀਸ਼ੀਲ ਵਰਤਾਰਾ ਹੈ ਅਤੇ ਇਸ ਵਿੱਚ ਲਗਾਤਾਰ ਰੂਪਾਂਤਰਣ ਦ੍ਰਿਸ਼ਟੀਗੋਚਰ ਹੁੰਦਾ ਰਹਿੰਦਾ ਹੈ।