ਬਲਾਚੌਰ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਅੱਜ ਜਲਾਲਪੁਰ ਇਲਾਕੇ ਵਿੱਚ ਉਸ ਸਮੇਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਦੋਂ 43 ਸ਼ਰਧਾਲੂਆਂ ਦਾ ਇੱਕ ਜੱਥਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਸ਼ੁਭ ਮੌਕੇ 'ਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸ੍ਰੀ ਸਤਨਾਮ ਜਲਾਲਪੁਰ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਬੱਸ ਨੂੰ ਹਰੀ ਝੰਡੀ ਦਿਖਾਈ ਅਤੇ ਸਾਰੇ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਇਹ ਵਿਸ਼ੇਸ਼ ਯਾਤਰਾ ਮੁੱਖ ਤੌਰ 'ਤੇ 50 ਸਾਲ ਤੋਂ ਉੱਪਰ ਦੀ ਉਮਰ ਦੇ ਬਜ਼ੁਰਗਾਂ ਲਈ ਉਲੀਕੀ ਗਈ ਹੈ। ਚੇਅਰਮੈਨ ਸਤਨਾਮ ਜਲਾਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਸਾਰੇ ਬਜ਼ੁਰਗ ਅਜਿਹੇ ਹਨ ਜੋ ਆਰਥਿਕ ਤੰਗੀ ਜਾਂ ਸਾਧਨਾਂ ਦੀ ਘਾਟ ਕਾਰਨ ਤੀਰਥ ਅਸਥਾਨਾਂ ਦੇ ਦਰਸ਼ਨ ਨਹੀਂ ਕਰ ਪਾਉਂਦੇ। ਪੰਜਾਬ ਸਰਕਾਰ ਨੇ ਉਨ੍ਹਾਂ ਦੀ ਇਸ ਭਾਵਨਾ ਨੂੰ ਸਮਝਦੇ ਹੋਏ ਇਹ ਮੁਫ਼ਤ ਯਾਤਰਾ ਸ਼ੁਰੂ ਕੀਤੀ ਹੈ। ਅੱਜ ਰਵਾਨਾ ਹੋਣ ਸਮੇਂ ਬਜ਼ੁਰਗਾਂ ਦੇ ਚਿਹਰਿਆਂ 'ਤੇ ਅਲੌਕਿਕ ਖੁਸ਼ੀ ਅਤੇ ਸ਼ਰਧਾ ਸਾਫ਼ ਨਜ਼ਰ ਆ ਰਹੀ ਸੀ।ਇਹ ਧਾਰਮਿਕ ਯਾਤਰਾ ਤਿੰਨ ਦਿਨਾਂ ਦੀ ਹੋਵੇਗੀ, ਜਿਸ ਦੌਰਾਨ ਸ਼ਰਧਾਲੂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਨੂੰ ਵਿਸ਼ਰਾਮ ਕਰਨਗੇ ਅਤੇ ਵੱਖ-ਵੱਖ ਇਤਿਹਾਸਕ ਅਸਥਾਨਾਂ 'ਤੇ ਨਤਮਸਤਕ ਹੋਣਗੇ। ਜਿੱਥੇ ਸ਼ਰਧਾਲੂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਨਗੇ। ਸ਼ਹੀਦੀ ਯਾਦਗਾਰ ਜਲਿਆਂਵਾਲਾ ਬਾਗ ਅਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ। ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਮੰਦਰ ਵਿਖੇ ਨਤਮਸਤਕ ਹੋਣਾ।ਵਾਹਗਾ ਬਾਰਡਰ ਵਿਖੇ(ਰੀ ਟਰੀਟ ਸੈਰੇਮਨੀ) ਦਾ ਆਨੰਦ ਮਾਣਨਾ।ਸ਼ਰਧਾਲੂਆਂ ਦੀ ਸਹੂਲਤ ਲਈ ਸਰਕਾਰ ਵੱਲੋਂ ਖਾਣ-ਪੀਣ ਅਤੇ ਰਹਿਣ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।ਚੇਅਰਮੈਨ ਸਤਨਾਮ ਜਲਾਲਪੁਰ ਨੇ ਅਖੀਰ ਵਿੱਚ ਅਰਦਾਸ ਕੀਤੀ ਕਿ, "ਪ੍ਰਮਾਤਮਾ ਸਭ ਦੀ ਇਹ ਯਾਤਰਾ ਸਫਲ ਕਰੇ ਅਤੇ ਸਾਰੇ ਸ਼ਰਧਾਲੂ ਗੁਰੂ ਘਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਸਹੀ-ਸਲਾਮਤ ਵਾਪਿਸ ਪਰਤਣ।" ਇਸ ਮੌਕੇ ਇਲਾਕੇ ਦੇ ਕਈ ਪਤਵੰਤੇ ਸੱਜਣ ਅਤੇ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਜੱਥੇ ਨੂੰ ਰਵਾਨਾ ਕੀਤਾ।