ਕੋਟਕਪੂਰਾ : ਸਥਾਨਕ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿੱਚ 2 ਮਈ ਦਿਨ ਸ਼ਨੀਵਾਰ ਨੂੰ ‘ਉਤਸਵ ਮੇਰੇ ਸ਼ਿਆਮ ਕਾ’ ਧਾਰਮਿਕ ਪ੍ਰੋਗਰਾਮ ਬੜੀ ਹੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ‘ਸ਼੍ਰੀ ਸ਼ਿਆਮ ਸਲੋਨਾ ਪਰਿਵਾਰ’ ਕੋਟਕਪੂਰਾ ਵੱਲੋਂ ਕਰਵਾਈ ਜਾ ਰਹੀ ਇਸ ਭਜਨ ਸੰਧਿਆ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪ੍ਰਾਚੀਨ ਸ਼੍ਰੀ ਸ਼ਿਆਮ ਮੰਦਿਰ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਸੰਸਥਾ ਦੇ ਅਹੁਦੇਦਾਰਾਂ ਉਮੇਸ਼ ਧੀਰ, ਕਰਨ ਸਿੰਗਲਾ, ਸ਼ੁਭਮ ਗਰਗ, ਆਕਾਸ਼ ਗਰਗ, ਪ੍ਰਦੀਪ ਗਰਗ ਅਤੇ ਨੀਰਜ ਐਰਨ ਨੇ ਦੱਸਿਆ ਕਿ ਇਸ ਵਿਸ਼ਾਲ ਉਤਸਵ ਵਿੱਚ ਖਾਟੂ ਸ਼ਿਆਮ ਜੀ ਸਥਿਤ ਸ਼੍ਰੀ ਸ਼ਿਆਮ ਮੰਦਿਰ ਦੇ ਪ੍ਰਧਾਨ ਮਹਾਰਾਜ ਸ਼੍ਰੀ ਸ਼ਕਤੀ ਸਿੰਘ ਚੌਹਾਨ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸ਼ਰਧਾਲੂਆਂ ਨੂੰ ਆਪਣਾ ਅਸ਼ੀਰਵਾਦ ਦੇਣਗੇ ਅਤੇ ਬਾਬਾ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕਰਨ ਲਈ ਦੇਸ਼ ਦੇ ਨਾਮਵਰ ਭਜਨ ਗਾਇਕ ਕੋਟਕਪੂਰਾ ਪਹੁੰਚ ਰਹੇ ਹਨ, ਇਹਨਾਂ ਵਿੱਚ ਮੁੱਖ ਤੌਰ ’ਤੇ ਸੌਰਭ ਸ਼ਰਮਾ (ਕਲਕੱਤਾ), ਸ਼ਰੂਤੀ ਸ਼ਰਮਾ (ਖਾਟੂ ਵਾਲੇ) ਅਤੇ ਰੇਸ਼ਮੀ ਸ਼ਰਮਾ (ਸਮਸਤੀਪੁਰ) ਆਪਣੀ ਸੁਰੀਲੀ ਆਵਾਜ਼ ਅਤੇ ਭਜਨਾਂ ਨਾਲ ਭਗਤਾਂ ਨੂੰ ਨਿਹਾਲ ਕਰਨਗੇ। ‘ਸ਼੍ਰੀ ਸ਼ਿਆਮ ਸਲੋਨਾ ਪਰਿਵਾਰ’ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਉਤਸਵ ਨੂੰ ਲੈ ਕੇ ਭਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸ਼੍ਰੀ ਸ਼ਿਆਮ ਯੁਵਾ ਵੈਲਫੇਅਰ ਸੁਸਾਇਟੀ ਕੋਟਕਪੂਰਾ ਦਾ ਵਿਸ਼ੇਸ਼ ਸਹਿਯੋਗ ਰਹੇਗਾ। ਇਸ ਸਮੇ ਲੰਗਰ ਅਤੇ ਭੰਡਾਰੇ ਦੀ ਸੇਵਾ ‘ਸ਼੍ਰੀ ਸ਼ਿਆਮ ਨਿਸ਼ਕਾਮ ਸੇਵਾ ਮੰਡਲ’ ਦੇ ਮੈਂਬਰਾਂ ਚੰਦਰ ਗਰਗ, ਮੋਹਿਤ ਮਹਿਤਾ, ਰਾਕੇਸ਼ ਗਰਗ ਅਤੇ ਕਮਲ ਕਟਾਰੀਆ ਵੱਲੋਂ ਨਿਭਾਈ ਜਾਵੇਗੀ। ਪ੍ਰਬੰਧਕਾਂ ਨੇ ਸ਼ਹਿਰ ਅਤੇ ਆਸ-ਪਾਸ ਦੇ ਸਮੂਹ ਸ਼ਿਆਮ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਾਵਨ ਉਤਸਵ ਵਿੱਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।