ਅੰਮ੍ਰਿਤਸਰ/ਅਜਨਾਲਾ : ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ,ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਖਰਾਬ ਮੌਸਮ ਦੇ ਬਾਵਜੂਦ ਪਿੰਡ ਡੱਬਰ ਬਸਤੀ, ਤਲਵੰਡੀ ਰਾਏ ਦਾਦੂ, ਛੋਟਾ ਫੱਤੇਵਾਲ, ਚੱਕ ਡੋਗਰਾਂ, ਵੰਝਾਂਵਾਲਾ, ਨੰਗਲ, ਸਰਾਏ, ਰਿਆੜ, ਤੇ ਉਗਰ ਔਲਖ, ਪਿੰਡਾਂ ‘ਚ ਕਰਵਾਏ ਗਏ ‘ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ’ ਸੰਵਾਦ ਸਮਾਗਮਾਂ ‘ਚ ਔਰਤਾਂ ਸਣੇ ਆਮ ਪੇਂਡੂ ਲੋਕਾਂ ਵਲੋਂ ਸ਼ਮੂਲੀਅਤ ਕਰਨ ਲਈ ਵਿਖਾਏ ਗਏ ਉਤਸ਼ਾਹ ਤੋਂ ਬਾਗੋ ਬਾਗ ਹੁੰਦਿਆਂ ਕਿਹਾ ਕਿ ਅੱਜ ਦੇ ਸੰਵਾਦ ਸਮਾਗਮਾਂ ਤੋਂ ਇਲਾਵਾ ਪਿਛਲੇ 8 ਦਿਨਾਂ ਤੋਂ ਦਰਜਨ -ਦਰਜਨ ਪਿੰਡਾਂ ‘ਚ ਹੋਏ ਸਮਾਗਮਾਂ ਚ ਵੀ ਪੇਂਡੂ ਲੋਕਾਂ ਵਲੋਂ ਆਪ ਮੁਹਾਰੇ ਭਰਵੀਂ ਸ਼ਮੂਲੀਅਤ ਕਰਕੇ ਦਿੱਤੇ ਪਿਆਰ ਤੇ ਸਤਿਕਾਰ ਦੇ ਮੱਦੇਨਜ਼ਰ ਉਹ (ਸ. ਧਾਲੀਵਾਲ) ਹੋਰ ਵੀ ਦ੍ਰਿੜ ਰਾਜਸੀ ਇੱਛਾ ਸ਼ਕਤੀ ਨਾਲ ਹਲਕੇ ਦੇ ਸਰਹੱਦੀ ਖਿੱਤੇ ਬਿਕਰਾਊਰ ‘ਚ 15 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਸਰਕਾਰੀ ਡਿਗਰੀ ਤੇ ਕਿੱਤਾਮੁੱਖੀ ਸਿਖਲਾਈ ਕਾਲਜ ਦੀ ਸਥਾਪਣਾ ਕਰਨ, ਰਾਵੀ ਦਰਿਆ ਦੇ ਧੁੱਸੀ ਬੰਨ੍ਹ ਘੋਹਨੇਵਾਲਾ ਤੋਂ ਗੁੱਲਗੜ ਤੱਕ 60 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਸੜਕ ਦਾ ਨਿਰਮਾਣ ਕਰਨ ਤੋਂ ਇਲਾਵਾ ਹਲਕੇ ‘ਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਰ ਚਹੁਮੁੱਖੀ ਵਿਕਾਸ ਨੇਪੜੇ ਚਾੜਣ, ਰੁਜਗਾਰ, ਅਮਨ ਕਾਨੂੰਨ ਦੀ ਮਜਬੂਤੀ , ਸਿੱਖਿਆ, ਸਿਹਤ, ਆਦਿ ਲੋਕ ਕਲਿਆਣਕਾਰੀ ਯੋਜਨਾਵਾਂ ਲਾਗੂ ਕਰਕੇ ਪਿਛੜੇਪਣ ਦੇ ਧੱਬੇ ਨੂੰ ਧੋਣ ਲਈ ਮਜਬੂਤ ਹੋਏ ਹਨ। ਜਦੋਂਕਿ ਅਜਾਦੀ ਪਿੱਛੋਂ 70 ਸਾਲ ਪੰਜਾਬ ਦੀ ਸੱਤਾ ਤੇ ਕਾਬਜ਼ ਰਹੀਆਂ ਰਵਾਇਤੀ ਪਾਰਟੀਆਂ ਵਲੋਂ ਸਰਹੱਦੀ ਹਲਕਾ ਅਜਨਾਲਾ ਨੂੰ ਵਿਕਾਸ ਤੇ ਰੁਜਗਾਰ ਪੱਖੋਂ ਬੁਰੀ ਤਰਾਂ ਅਣਗੌਲਿਆਂ ਰੱਖ ਕੇ ਇਸਦੇ ਮੱਥੇ ਤੇ ਪਿਛੜੇਪਣ ਦਾ ਧੱਬਾ ਮੜਿਆ ਹੋਇਆ ਸੀ। ਸ. ਧਾਲੀਵਾਲ ਨੇ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੱਥ ਮਜਬੂਤ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸੂਬੇ ਦੇ ਲੋਕਾਂ ਵਲੋਂ ਸਾਲ 2022 ਦੀਆਂ ਪੰਜਾਬ ਚੋਣਾਂ ‘ਚ ਰਵਾਇਤੀ ਪਾਰਟੀਆਂ ਦੀਆਂ ਸਾਬਕਾ ਸਰਕਾਰਾਂ ਵਲੋਂ ਕਥਿਤ ਤੌਰ ਤੇ ਲੁੱਟਾਂ ਖੋਹਾਂ, ਡਕੈਤੀਆਂ, ਔਰਤਾਂ ਖਿਲਾਫ ਅਪਰਾਧਾਂ, ਨਸ਼ਿਆਂ ਦੇ ਵਰਤਾਰੇ, ਭ੍ਰਿਸ਼ਟਾਚਾਰ, ਗੈਂਗਸਟਰਵਾਦ ਆਦਿ ਪੈਦਾ ਕੀਤੀਆਂ ਸਮਾਜਿਕ, ਆਰਥਿਕ, ਰਾਜਸੀ ਗੰਭੀਰ ਅਲਾਮਤਾਂ ਤੋਂ ਮੁਕਤੀ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਲਿਆਂਦੀ ਗਈ ਪੰਜਾਬ ਸਰਕਾਰ ਆਪਣੀਆਂ ਚੋਣ ਗਾਰੰਟੀਆਂ ਨੂੰ 4 ਸਾਲਾਂ ‘ਚ 100 ਫੀਸਦੀ ਲਾਗੂ ਕਰਨ ਅਤੇ ਪੰਜਾਬ ਦੇ ਵੋਟਰਾਂ ਵਲੋਂ ਪ੍ਰਗਟਾਏ ਭਰੋਸੇ ਤੇ ਐਨ ਖਰੀ ਉਤਰ ਕੇ ਪੰਜਾਬ ਵਾਸੀਆਂ ਦਾ ਵਿਸ਼ਵਾਸ਼ ਜਿੱਤਣ ‘ਚ ਸਫਲ ਰਹੀ ਹੈ ਅਤੇ ਇਸੇ ਵਿਸ਼ਵਾਸ਼ ਨੂੰ ਬਹਾਲ ਰੱਖਣ ਲਈ ਪੰਜਾਬ ਦੇ ਵੋਟਰ ਸਾਲ 2027 ਦੀਆਂ ਚੋਣਾਂ ‘ਚ ਮਾਨ ਸਰਕਾਰ ਦੇ ਹੱਕ ‘ਚ ਪਿਛਲੀਆਂ 92 ਸੀਟਾਂ ਦੇ ਮੁਕਾਬਲੇ 100 ਵਿਧਾਨ ਸਭਾ ਹਲਕਿਆਂ ‘ਚ ਜੇਤੂ ਫਤਵਾ ਦੇਣ ਲਈ ਹੁਣ ਤੋਂ ਹੀ ਪੱਬਾਂ ਭਾਰ ਹੋ ਗਏ ਹਨ, ਜਿਸਦਾ ਪ੍ਰਤੱਖ ਪ੍ਰਮਾਣ ਹੈ ਕਿ ਹਲਕਾ ਅਜਨਾਲਾ ਸਮੇਤ ਸੂਬੇ ਭਰ ਦੇ 117 ਵਿਧਾਨ ਸਭਾ ਹਲਕਿਆਂ ‘ਚ ‘ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ’ ਪਿੰਡ ਪਿੰਡ ਹੋ ਰਹੇ ਸੰਵਾਦ ਸਮਾਗਮਾਂ ਨੂੰ ਲੋਕ ਆਪ ਮੁਹਾਰਾ ਉਤਸ਼ਾਹ ਦੇ ਰਹੇ ਹਨ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਪੀਏ ਮੁਖਤਾਰ ਸਿੰਘ ਬਲੜਵਾਲ, ਗੁਰਜੰਟ ਸਿੰਘ ਸੋਹੀ, ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਅਮਿਤ ਔਲ, ਐਡਵੋਕੇਟ ਸੰਦੀਪ ਕੌਸ਼ਲ ਗੱਟੂ, ਬਲਾਕ ਪ੍ਰਧਾਨ ਸਰਬਜੀਤ ਸਿੰਘ, ਹਰਮਨਜੀਤ ਸਿੰਘ ਨੰਗਲ, ਆਦਿ ਤੋਂ ਇਲਾਵਾ ਪੰਚ ਸਰਪੰਚ ਮੋਹਤਬਰ ਤੇ ਵਲੰਟੀਅਰ ਵੱਡੀ ਗਿਣਤੀ ‘ਚ ਮੌਜੂਦ ਸਨ।