ਸੁਨਾਮ : ਚੋਣਾਂ ਤੋਂ ਪਹਿਲਾਂ ਕੱਦਾਵਰ ਰਾਜਸੀ ਨੇਤਾਵਾਂ ਤੋਂ ਇਲਾਵਾ ਪਿੰਡ ਪੱਧਰ ਦੇ ਵਰਕਰਨੁਮਾ ਆਗੂਆਂ ਵੱਲੋਂ ਪਾਰਟੀਆਂ ਬਦਲਣ ਦੇ ਸ਼ੁਰੂ ਹੋਏ ਵਰਤਾਰੇ ਦੇ ਚੱਲਦਿਆਂ ਸੋਮਵਾਰ ਨੂੰ ਸੁਨਾਮ ਵਿਧਾਨ ਸਭਾ ਹਲਕੇ ਵਿਚ ਪੈਂਦੇ ਪਿੰਡ ਢੱਡਰੀਆਂ ਤੋਂ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਉਨ੍ਹਾਂ ਨੂੰ ਸਾਥੀਆਂ ਸਮੇਤ ਪਾਰਟੀ ਵਿਚ ਸ਼ਾਮਿਲ ਕੀਤਾ। ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਗੁਰਪ੍ਰੀਤ ਸਿੰਘ ਸਣੇ ਹੋਰ ਵਰਕਰਾਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਨੂੰ ਗੌਰ ਨਾਲ ਦੇਖ ਰਹੇ ਸਨ ਅਤੇ ਇਹ ਨਤੀਜਾ ਕੱਢਿਆ ਕਿ ਆਮ ਆਦਮੀ ਪਾਰਟੀ ਹੀ ਉਹ ਇਕੱਲੀ ਪਾਰਟੀ ਹੈ ਜੋ ਬਿਨਾਂ ਕਿਸੇ ਭੇਦਭਾਵ ਦੇ ਆਮ ਲੋਕਾਂ ਦੇ ਮੁੱਦਿਆਂ ਨੂੰ ਤਰਜੀਹ ਦਿੰਦੀ ਹੈ। ਪਾਰਟੀ ਦੀਆਂ ਨੀਤੀਆਂ, ਸਰਕਾਰ ਦੀ ਕਾਰਗੁਜ਼ਾਰੀ ਅਤੇ ਲੋਕ-ਹਿੱਤ ਲਈ ਕੀਤੇ ਗਏ ਫੈਸਲਿਆਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਅੱਜ ਉਹ ਪਾਰਟੀ ਨਾਲ ਜੁੜ ਕੇ ਸੇਵਾ ਕਰਨ ਲਈ ਤਿਆਰ ਹੋਏ ਹਨ। ਉਨ੍ਹਾਂ ਆਖਿਆ ਕਿ ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ, ਮਹਿੰਗਾਈ, ਕਿਸਾਨਾਂ ਦੀ ਆਰਥਿਕ ਤੰਗੀ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਖ਼ ਅਤੇ ਸਿਹਤ ਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸੁਧਾਰ ਲਈ ਆਮ ਆਦਮੀ ਪਾਰਟੀ ਨੇ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਨੀਤੀਆਂ ਤਿਆਰ ਕੀਤੀਆਂ ਹਨ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਲੋਕਾਂ ਦਾ ਭਰੋਸਾ ਜਿੱਤਿਆ ਹੈ। ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਇਹ ਸ਼ਮੂਲੀਅਤ ਪਾਰਟੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਇੱਕ ਵਿਅਕਤੀ ਜਾਂ ਪਰਿਵਾਰ ਦੀ ਪਾਰਟੀ ਨਹੀਂ, ਬਲਕਿ ਇਹ ਆਮ ਲੋਕਾਂ ਦੀ ਆਵਾਜ਼ ਹੈ। ਪਾਰਟੀ ਹਰ ਉਸ ਵਿਅਕਤੀ ਨੂੰ ਮੌਕਾ ਦਿੰਦੀ ਹੈ ਜੋ ਇਮਾਨਦਾਰੀ ਨਾਲ ਲੋਕ-ਸੇਵਾ ਕਰਨਾ ਚਾਹੁੰਦਾ ਹੈ।