ਸੁਨਾਮ : ਸਥਾਨਕ ਸ਼ਹਿਰ ਦੇ ਨਾਮਵਰ ਡਾਕਟਰ ਅਤੇ ਸਮਾਜ ਸੇਵੀ ਡਾਕਟਰ ਪ੍ਰਸ਼ੋਤਮ ਵਸਿਸ਼ਟ ਅਤੇ ਉਨ੍ਹਾਂ ਦੀ ਧਰਮ ਪਤਨੀ ਡਾਕਟਰ ਰਾਧਾ ਵਸ਼ਿਸ਼ਟ ਨੇ ਆਪਣੇ ਪਿਤਾ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਰਹੇ ਮਰਹੂਮ ਰਾਜ ਕੁਮਾਰ ਵਸ਼ਿਸ਼ਟ ਦੀ ਨਿੱਘੀ ਯਾਦ ਵਿੱਚ ਬੱਚਿਆਂ ਨੂੰ ਸਰਦੀ ਤੋਂ ਬਚਾਅ ਲਈ ਸੋਮਵਾਰ ਨੂੰ ਨੇੜਲੇ ਪਿੰਡ ਨੀਲੋਵਾਲ ਵਿਖੇ ਪਹੁੰਚ ਕੇ ਲੋੜਵੰਦ ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂ।ਇਸ ਮੌਕੇ ਬੋਲਦਿਆਂ ਡਾਕਟਰ ਪ੍ਰਸ਼ੋਤਮ ਵਸਿਸ਼ਟ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਰਾਜ ਕੁਮਾਰ ਵਸ਼ਿਸ਼ਟ ਹਮੇਸ਼ਾ ਲੋੜਵੰਦਾਂ ਖਾਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਨੌਕਰੀਆਂ ਅਤੇ ਕੰਮ ਧੰਦੇ ਕਰਵਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਉਨ੍ਹਾਂ ਦੇ ਪਰਿਵਾਰ ਵੱਲੋਂ ਅਜਿਹੇ ਉਪਰਾਲੇ ਜਾਰੀ ਹਨ ਜਿਸ ਦੇ ਤਹਿਤ ਉਹ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਨੀਲੋਵਾਲ ਵਿਖੇ ਵਿਦਿਆਰਥੀਆਂ ਦੀ ਮੱਦਦ ਲਈ ਆਏ ਹਨ। ਉਨ੍ਹਾਂ ਰਾਜ ਕੁਮਾਰ ਵਸ਼ਿਸ਼ਟ ਦੇ ਨੀਲੋਵਾਲ ਨਾਲ ਰਹੇ ਸਬੰਧਾਂ ਅਤੇ ਸਾਂਝ ਦੀ ਯਾਦ ਵੀ ਦਿਵਾਈ। ਉਨ੍ਹਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰ ਚੰਗੇ ਇਨਸਾਨ ਬਣਕੇ ਲੋੜਵੰਦਾਂ ਅਤੇ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਰੋਟਰੀ ਕਲੱਬ ਵੱਲੋਂ ਸਵਰਗਵਾਸੀ ਮੈਂਬਰਾਂ ਦੀ ਯਾਦ ਵਿੱਚ ਕੈਂਪ ਲਗਾਕੇ ਉਨ੍ਹਾਂ ਨੂੰ ਯਾਦ ਕਰਨ ਲਈ ਕਲੱਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਜਗਦੀਪ ਭਾਰਦਵਾਜ ਨੇ ਵਸ਼ਿਸ਼ਟ ਪਰਿਵਾਰ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਰੋਟਰੀ ਕਲੱਬ ਦੇ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਸਵਰਗਵਾਸੀ ਰਾਜ ਕੁਮਾਰ ਵਸ਼ਿਸ਼ਟ ਦੇ ਰੋਟਰੀ ਕਲੱਬ ਦੇ ਫਾਉਂਡਰ ਮੈਂਬਰਾਂ ਵਿੱਚ ਹੋਣ ਦੀ ਗੱਲ ਕਹੀ। ਸਕੂਲ ਦੇ ਪ੍ਰਿੰਸੀਪਲ ਸੰਜੇ ਦੀਵਾਨ ਨੇ ਪੁਹੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਧੰਨਵਾਦ ਵੀ ਕੀਤਾ।ਇਸ ਮੌਕੇ ਗੋਪਾਲ ਸ਼ਰਮਾ,ਪ੍ਰਭਾਤ ਜਿੰਦਲ, ਅਸ਼ੋਕ ਗੋਇਲ ਤੋਂ ਇਲਾਵਾ ਸਕੂਲ ਸਟਾਫ ਅਤੇ ਪਤਵੰਤੇ ਸੱਜਣ ਸ਼ਾਮਲ ਸਨ।