ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਅਧੀਨ ਆਉਂਦੇ ਕਸਬਾ ਲੌਂਗੋਵਾਲ ਵਿਖੇ ਐਤਵਾਰ ਦੇਰ ਰਾਤ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਪੁਲਿਸ ਨੇ ਲੌਂਗੋਵਾਲ ਥਾਣੇ ਦੇ ਸਾਹਮਣੇ ਧਰਨਾ ਦੇ ਰਹੇ ਕਿਸਾਨਾਂ ਨੂੰ ਜਬਰੀ ਖਦੇੜ ਦਿੱਤਾ। ਇਸ ਦੌਰਾਨ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਆਜ਼ਾਦ) ਦੇ ਕਈ ਮੁੱਖ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸ ਦੇਈਏ ਕਿ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ' ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ ਆਜ਼ਾਦ) ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵੱਡਾ ਕਾਫ਼ਲਾ ਐਤਵਾਰ ਨੂੰ ਮਜੀਠਾ ਜਾਣ ਲਈ ਰਵਾਨਾ ਹੋਣਾ ਸੀ ਲੇਕਿਨ ਪੁਲਿਸ ਦੀਆਂ ਰੋਕਾਂ ਕਾਰਨ ਮਜੀਠਾ ਜਾਣ ਦੀ ਬਜਾਏ ਲੌਂਗੋਵਾਲ ਵਿਖੇ ਹੀ ਇਕੱਠੇ ਹੋਏ ਕਿਸਾਨਾਂ ਨੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਜਥੇਬੰਦੀ ਦੇ ਆਗੂ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਨੇ ਦੱਸਿਆ ਕਿ ਕਿਸਾਨਾਂ ਦਾ ਮੁੱਖ ਉਦੇਸ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਆਪਣੀਆਂ ਮੰਗਾਂ ਸਬੰਧੀ ਸਵਾਲ ਪੁੱਛਣਾ ਸੀ। ਜਿਵੇਂ ਹੀ ਕਿਸਾਨਾਂ ਦਾ ਕਾਫ਼ਲਾ ਲੌਂਗੋਵਾਲ ਤੋਂ ਅੱਗੇ ਵਧਣ ਲੱਗਿਆ, ਭਾਰੀ ਪੁਲਿਸ ਬਲ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਰੋਕੇ ਜਾਣ ਤੋਂ ਗੁੱਸੇ ਵਿੱਚ ਆਏ ਕਿਸਾਨ ਵਾਪਸ ਪਰਤੇ ਅਤੇ ਲੌਂਗੋਵਾਲ ਪੁਲਿਸ ਥਾਣੇ ਦੇ ਮੁੱਖ ਗੇਟ ਦੇ ਸਾਹਮਣੇ ਧਰਨੇ 'ਤੇ ਬੈਠ ਗਏ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਰਾਤ ਦੇ ਸਮੇਂ ਪੁਲਿਸ ਨੇ ਧਰਨਾ ਖ਼ਤਮ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ। ਚਸ਼ਮਦੀਦਾਂ ਅਨੁਸਾਰ, ਪੁਲਿਸ ਨੇ ਬਲ ਪ੍ਰਯੋਗ ਕਰਦਿਆਂ ਕਿਸਾਨਾਂ ਨੂੰ ਉੱਥੋਂ ਖਦੇੜ ਦਿੱਤਾ, ਜਿਸ ਕਾਰਨ ਮਾਹੌਲ ਕਾਫੀ ਤਣਾਅ ਪੂਰਨ ਬਣਿਆ ਰਿਹਾ। ਧਰਨੇ ਵਿੱਚ ਸ਼ਾਮਲ ਕਈ ਵਡੇਰੀ ਉਮਰ ਦੇ ਕਿਸਾਨਾਂ ਨਾਲ ਪੁਲਿਸ ਕਰਮਚਾਰੀਆਂ ਨੇ ਧੱਕਾ ਮੁੱਕੀ ਕੀਤੀ, ਦੱਸਿਆ ਜਾ ਰਿਹਾ ਕੁੱਝ ਇੱਕ ਦੀਆਂ ਪੱਗਾਂ ਵੀ ਲਹਿ ਗਈਆਂ। ਥਾਣੇ ਮੂਹਰੇ ਧਰਨਾ ਦੇ ਰਹੇ ਕਿਸਾਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਜਸਵੀਰ ਸਿੰਘ ਮੈਦੇਵਾਸ ਸਮੇਤ ਕਈ ਹੋਰ ਵੱਡੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾ ਤਰਕ ਹੈ ਕਿ ਲੋਕਤੰਤਰੀ ਤਰੀਕੇ ਨਾਲ ਮੁੱਖ ਮੰਤਰੀ ਨੂੰ ਸਵਾਲ ਪੁੱਛਣਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ, ਪਰ ਪੁਲਿਸ ਕਾਰਵਾਈ ਨੇ ਲੋਕਤੰਤਰੀ ਹੱਕਾਂ ਦਾ ਘਾਣ ਕੀਤਾ ਹੈ।