ਸੁਨਾਮ : ਸੂਬੇ ਅੰਦਰ ਆਈ ਕੁਦਰਤੀ ਕਰੋਪੀ ਵਿੱਚ ਪ੍ਰਭਾਵਿਤ ਹੋਏ ਲੋਕਾਂ ਦੀ ਆਰਥਿਕ ਮੱਦਦ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇੱਕ ਮਹਿਲਾ ਕਾਰਕੁੰਨ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਲਾਕੇ ਜਥੇਬੰਦੀ ਦੇ ਆਗੂਆਂ ਨੂੰ ਦਿੱਤੀਆਂ। ਐਤਵਾਰ ਨੂੰ ਪਿੰਡ ਮਹਿਲਾਂ ਚੌਕ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਦਿੜ੍ਹਬਾ ਬਲਾਕ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਪਿੰਡ ਇਕਾਈ ਮਹਿਲਾਂ ਚੌਂਕ ਦੇ ਪ੍ਰਧਾਨ ਜਗਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਮਹਿਲਾਂ ਚੌਂਕ ਦੀ ਜਥੇਬੰਦੀ ਦੀ ਮੈਂਬਰ ਬੀਬੀ ਅੰਗਰੇਜ਼ ਕੌਰ ਨੇ ਹੜ ਪੀੜਤਾਂ ਲਈ ਜਦ ਪਿੰਡ ਵਿੱਚ ਜਥੇਬੰਦੀ ਵੱਲੋਂ ਫੰਡ ਅਤੇ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਸੀ ਤਾਂ ਉਸਨੇ ਆਪਣੇ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਹੜ ਪੀੜਤਾ ਲਈ ਜਥੇਬੰਦੀ ਦੇ ਆਗੂਆਂ ਨੂੰ ਭੇਟ ਕੀਤੀਆਂ ਸਨ। ਜਥੇਬੰਦੀ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਜਿਲਾ ਖਜਾਨਚੀ ਅਮਨਦੀਪ ਸਿੰਘ ਮਹਿਲਾਂ ਚੌਂਕ ਅਤੇ ਪੈਪਸੀਕੋ ਵਰਕਰ ਯੂਨੀਅਨ ਦੇ ਪ੍ਰਧਾਨ ਬਿਕਰਮ ਸਿੰਘ ਨਾਭਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਗੱਜੂਮਾਜਰਾ ਮੀਤ ਪ੍ਰਧਾਨ ਵੀਰਦਵਿੰਦਰ ਸਿੰਘ ਗਾਜੇਵਾਸ ਸਹਾਇਕ ਖਜਾਨਚੀ ਜਗਸੀਰ ਸਿੰਘ ਮਸਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦ ਇਹ ਖਬਰ ਪੂਰੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਵਿੱਚ ਫੈਲੀ ਤਾਂ ਪੈਪਸੀਕੋ ਵਰਕਰ ਯੂਨੀਅਨ ਚੰਨੋ ਦੇ ਮੁਲਾਜ਼ਮਾਂ ਨੇ ਆਪਣੀ ਜਥੇਬੰਦੀ ਰਾਹੀਂ ਆਪਣੀ ਕਿਰਤ ਦੇ ਵਿੱਚੋਂ ਫੰਡ ਇਕੱਠਾ ਕਰਕੇ ਜਥੇਬੰਦੀ ਨੂੰ ਹੜ ਪੀੜਤਾ ਲਈ ਦੇਣ ਦਾ ਐਲਾਨ ਕੀਤਾ ਅਤੇ ਨਾਲ ਹੀ ਕਿਹਾ ਕਿ ਜੋ ਭੈਣ ਅੰਗਰੇਜ਼ ਕੌਰ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਹੜ ਪੀੜਤਾਂ ਲਈ ਭੇਟ ਕੀਤੀਆਂ ਸਨ ਉਸ ਭੈਣ ਦੇ ਕੰਨ ਸਾਡੀ ਜਥੇਬੰਦੀ ਵੱਲੋਂ ਢਕੇ ਜਾਣਗੇ ਕਿਉਂਕਿ ਜਦ ਪੈਪਸੀਕੋ ਵਰਕਰ ਜਥੇਬੰਦੀ ਦੇ ਆਗੂਆਂ ਨੂੰ ਪਤਾ ਲੱਗਿਆ ਕਿ ਭੈਣ ਅੰਗਰੇਜ਼ ਕੌਰ ਦੇ ਪਤੀ ਦੀ ਮੌਤ ਲਗਭਗ 20 ਸਾਲ ਪਹਿਲਾਂ ਹੋ ਚੁੱਕੀ ਹੈ ਅਤੇ ਜਿਸ ਦੇ ਇੱਕ ਪੁੱਤਰ ਹੈ ਜੋ ਉਹ ਵੀ ਬੇਰੁਜ਼ਗਾਰ ਹੈ ਜਿਸ ਕੋਲ ਸਿਰਫ 4 ਕਨਾਲ ਜਮੀਨ ਹੀ ਹੈ ਤੇ ਫਿਰ ਵੀ ਭੈਣ ਨੇ ਵੱਡਾ ਜਿਗਰਾ ਕਰਕੇ ਪੀੜਤ ਲੋਕਾਂ ਦੀ ਮਦਦ ਕਰਨ ਵਾਸਤੇ ਸੁਨੇਹਾ ਦਿੱਤਾ ਹੈ।ਉਸ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਅੱਜ ਪਿੰਡ ਮਹਿਲਾਂ ਚੌਂਕ ਵਿਖੇ ਬੀਕੇਯੂ ਏਕਤਾ ਉਗਰਾਹਾਂ ਦੀ ਆਗੂ ਟੀਮ ਅਤੇ ਪੈਪਸੀਕੋ ਵਰਕਰ ਯੂਨੀਅਨ ਦੀ ਆਗੂ ਟੀਮ ਨੇ ਪਹੁੰਚ ਕੇ ਇਕਾਈ ਦੀਆਂ ਔਰਤ ਆਗੂ ਜਸਵਿੰਦਰ ਕੌਰ, ਭਰਪੂਰ ਕੌਰ ,ਲਾਭ ਕੌਰ ਅਤੇ ਹੋਰ ਔਰਤ ਆਗੂਆਂ ਦੀ ਹਾਜ਼ਰੀ ਦੇ ਵਿੱਚ ਭੈਣ ਅੰਗਰੇਜ਼ ਕੌਰ ਨੂੰ ਕੰਨਾਂ ਦੀਆਂ ਵਾਲੀਆਂ ਪਾਕੇ ਉਸਦੇ ਕੰਨ ਦੁਬਾਰਾ ਢਕੇ ਗਏ। ਉਨ੍ਹਾਂ ਆਖਿਆ ਕਿ ਇਹ ਬਹੁਤ ਵੱਡਾ ਸੁਨੇਹਾ ਸਮਾਜ ਨੂੰ ਦਿੱਤਾ ਕਿ ਜਦ ਤੁਸੀਂ ਕਿਸੇ ਪੀੜਤਾਂ ਦੀ ਮਦਦ ਲਈ ਅੱਗੇ ਆਉਂਦੇ ਹੋ ਤਾਂ ਸੰਘਰਸ਼ੀ ਲੋਕ ਹਮੇਸ਼ਾ ਇੱਕ ਦੂਜੇ ਨਾਲ ਮੋਢਾ ਲਾਕੇ ਖੜਦੇ ਹਨ। ਇਸ ਮੌਕੇ ਭਵਾਨੀਗੜ੍ਹ ਬਲਾਕ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਬਲਵਿੰਦਰ ਸਿੰਘ ਘਨੌੜ ਜਸਵੀਰ ਸਿੰਘ ਗੱਗੜਪੁਰ ਸਮੇਤ ਦਿੜਬਾ ਬਲਾਕ ਦੇ ਖਜਾਨਚੀ ਜਗਦੀਪ ਸਿੰਘ ਮਹਿਲਾਂ ਇਕਾਈ ਦੇ ਆਗੂ ਚਮਕੌਰ ਸਿੰਘ ਦਰਸ਼ਨ ਸਿੰਘ ਮਾਨ ਜੱਗਾ ਮਾਨ ਕੁਲਦੀਪ ਮਾਨ ਸਮੇਤ ਹੋਰ ਵੀ ਕਿਸਾਨ ਆਗੂ ਆਗੂ ਸ਼ਾਮਿਲ ਹੋਏ।