ਸੁਨਾਮ : ਡੈਮੋਕਰੇਟਿਕ ਮਨਰੇਗਾ ਫਰੰਟ ਬਲਾਕ ਸੁਨਾਮ ਦੇ ਆਗੂ ਗੁਰਸੇਵਕ ਸਿੰਘ ਨੇ ਪਿੰਡ ਧਰਮਗੜ੍ਹ ਦੇ ਮਨਰੇਗਾ ਵਰਕਰਾਂ ਨਾਲ ਮੀਟਿੰਗ ਕੀਤੀ। ਮਨਰੇਗਾ ਫਰੰਟ ਦੀ ਆਗੂ ਹਰਪਾਲ ਕੌਰ ਟਿੱਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਦਸੰਬਰ ਦਿਨ ਮੰਗਲਵਾਰ ਨੂੰ ਐਸ ਡੀ ਐਮ ਦਫਤਰ ਸੁਨਾਮ ਵਿਖੇ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਓਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਾਰਲੀਮੈਂਟ ਵਿੱਚ ਮਨਰੇਗਾ ਕਾਨੂੰਨ ਖਤਮ ਕਰਕੇ ਦੇਸ਼ ਦੇ ਹੇਠਲੇ ਵਰਗ ਦਾ ਸੰਵਿਧਾਨਕ ਹੱਕ ਖੋਹ ਲਿਆ ਹੈ, ਨਵੇਂ ਲਿਆਂਦੇ ਕਾਨੂੰਨ ਵਿਕਸਤ ਭਾਰਤ ਜੀ ਰਾਮ ਜੀ ਨੂੰ ਲਿਆ ਕੇ ਸੂਬਿਆਂ ਦਾ ਹੱਕ ਮਾਰਿਆ ਹੈ। ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਸੂਬਾ ਆਗੂ ਹਰਪਾਲ ਕੌਰ ਟਿੱਬੀ ਨੇ ਕਿਹਾ ਪੰਜਾਬ ਵਰਗਾ ਸੂਬਾ ਜੋ ਪਹਿਲਾਂ ਹੀ ਕਰਜੇ ਵਿੱਚ ਡੁੱਬਿਆ ਹੋਇਆ ਹੈ ਉਹ 40 ਫੀਸਦੀ ਪੈਸਾ ਕਿਵੇਂ ਪਾ ਸਕਦਾ ਹੈ ਕਿਉਂਕਿ ਪਹਿਲਾਂ ਕੇਂਦਰ 90 ਫੀਸਦੀ ਹਿੱਸਾ ਤੇ ਸੂਬਾ 10 ਫੀਸਦੀ ਹਿੱਸਾ ਪਾਉਂਦਾ ਸੀ। ਹੁਣ ਉਹ ਰੇਸੋ 60:40 ਕਰ ਦਿੱਤੀ ਹੈ। ਦੂਸਰਾ ਜੋ ਮਟੀਰੀਅਲ ਕਾਸਟ ਵਿੱਚੋਂ ਪਿੰਡਾਂ ਦੇ ਵਿਕਾਸ ਲਈ ਪੈਸਾ ਆਉਂਦਾ ਸੀ ਉਹ ਨਾ ਆਉਣ ਕਰਕੇ ਪਿੰਡਾਂ ਦੇ ਵਿਕਾਸ ਕਾਰਜ ਵੀ ਪ੍ਰਭਾਵਿਤ ਹੋਣਗੇ। ਜਦੋਂਕਿ ਮਨਰੇਗਾ ਕਾਨੂੰਨ ਦੀ ਅਸਲ ਭਾਵਨਾ ਤਹਿਤ ਪਹਿਲਾਂ ਵੀ ਇਸ ਨੂੰ ਪੰਜਾਬ ਵਿੱਚ ਕਿਸੇ ਵੀ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ। ਵਿਕਸਤ ਭਾਰਤ ਰਾਮ ਜੀ ਰਾਮ ਨਾਮ ਰੱਖ ਕੇ ਪਬਲਿਕ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 125 ਦਿਨ ਕਰਕੇ ਇਸ ਦੇ ਵਿਰੋਧ ਨੂੰ ਮੱਠਾ ਕਰਨ ਦੀ ਕੋਸਿਸ ਹੈ ਜਦੋਂਕਿ ਪਹਿਲਾਂ ਹੀ ਔਸਤ 38 ਦਿਨ ਤੋਂ ਵੱਧ ਕੰਮ ਨਹੀਂ ਦਿੱਤਾ, ਇਸ ਸਾਲ ਵਿੱਚ ਹੁਣ ਤੱਕ ਔਸਤ 26 ਦਿਨ ਹੀ ਕੰਮ ਦਿੱਤਾ ਹੈ।ਸਿਰਫ ਨਾਮ ਬਦਲਣ ਨਾਲ ਵਿਕਾਸ ਨਹੀਂ ਹੋਣਾ, ਉਲਟਾ ਕਰੋੜਾਂ ਰੁਪਏ ਦਾ ਨੁਕਸਾਨ ਹੀ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਕੌਰ ਮਨਰੇਗਾ ਮੇਟ ਧਰਮਗੜ੍ਹ, ਛੋਟੀ ਕੌਰ ਅਤੇ ਅੰਤੋ ਕੌਰ ਨੇ ਸ਼ਮੂਲੀਅਤ ਕੀਤੀ।