ਸੁਨਾਮ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਮਨਬੀਰ ਸਿੰਘ ਚੈਰੀ ਨੇ ਸੁਨਾਮ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਬਲਾਕ ਸੰਮਤੀ ਜੋਨ ਖੇੜੀ, ਉੱਪਲੀ ਅਤੇ ਉਭਾਵਾਲ ਤੋਂ ਜੇਤੂ ਰਹੇ ਪਾਰਟੀ ਸਮਰਥਕ ਅਜ਼ਾਦ ਉਮੀਦਵਾਰਾਂ ਪਰਮਜੀਤ ਸਿੰਘ, ਛਿੰਦਰਪਾਲ ਅਤੇ ਰਾਜਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਨੌਜਵਾਨ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ ਨੇ ਆਖਿਆ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਬੈਨਰ ਹੇਠ ਅਜ਼ਾਦ ਉਮੀਦਵਾਰਾਂ ਵਜੋਂ ਚੋਣ ਲੜੇ ਹਲਕੇ ਦੇ ਚਾਰ ਤੋਂ ਪੰਜ ਮੈਂਬਰ ਜੇਤੂ ਰਹੇ ਹਨ। ਉਨ੍ਹਾਂ ਆਖਿਆ ਕਿ ਸੁਨਾਮ ਹਲਕੇ ਅੰਦਰ ਪਾਰਟੀ ਦੇ ਹਮਾਇਤੀ ਆਗੂਆਂ ਨੇ ਪੂਰੀ ਦ੍ਰਿੜਤਾ ਨਾਲ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਰਿਹਾ ਹੈ। ਸਰਕਾਰ ਨੇ ਪ੍ਰਸ਼ਾਸਨ ਦੇ ਦਬਾਅ ਹੇਠ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾਉਣ ਧਮਕਾਉਣ ਦੀ ਸਿਆਸਤ ਕੀਤੀ ਲੇਕਿਨ ਵੋਟਰਾਂ ਨੇ ਪ੍ਰਵਾਹ ਨਹੀਂ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਮੇਵਾ ਸਿੰਘ ਉੱਪਲੀ, ਵਰਿੰਦਰਪਾਲ ਸਿੰਘ ਟੀਟੂ, ਬਲਜਿੰਦਰ ਸਿੰਘ ਲਾਡੀ ਵੜੈਚ, ਚਮਕੌਰ ਸਿੰਘ ਖੇੜੀ, ਗੁਰਜੰਟ ਸਿੰਘ ਉੱਭਾਵਾਲ, ਨਿਰਭੈ ਸਿੰਘ, ਰਣਜੀਤ ਸਿੰਘ ਉੱਪਲੀ ਸਮੇਤ ਹੋਰ ਆਗੂ ਹਾਜ਼ਰ ਸਨ।