ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ ਨਹੀਂ ਕੀਤਾ ਪੂਰਾ
ਸੁਨਾਮ : ਬਿਜਲੀ ਵਿਭਾਗ ਵਿੱਚ ਠੇਕੇਦਾਰੀ ਪ੍ਰਣਾਲੀ ਰਾਹੀਂ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਬਿਜਲੀ ਕਾਮਿਆਂ ਨੇ ਬੁੱਧਵਾਰ ਨੂੰ ਸੁਨਾਮ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਵੀ ਲਾਏ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਸਰਕਲ ਸੁਨਾਮ ਦੇ ਪ੍ਰਧਾਨ ਸੁਖਪਾਲ ਸਿੰਘ ਸ਼ਾਹਪੁਰ, ਨਿਸ਼ਾਨ ਸਿੰਘ,ਹਰਦੀਪ ਸਿੰਘ ਅਤੇ ਅਨੁੱਜ ਕੁਮਾਰ ਨੇ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਕਾਹਲੀ ਪਈ ਹੋਈ ਹੈ, ਅਜਿਹੇ ਵਿੱਚ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਵਿੱਚ ਹਜ਼ਾਰਾਂ ਕਾਮੇ ਲੰਮੇ ਸਮੇਂ ਤੋਂ ਠੇਕੇਦਾਰੀ ਪ੍ਰਣਾਲੀ ਤਹਿਤ ਨਿਗੂਣੇ ਮਾਣਭੱਤੇ ਤੇ ਆਪਣੀ ਜਾਨ ਜੋਖ਼ਮ ਵਿੱਚ ਪਾਕੇ ਸੇਵਾਵਾਂ ਨਿਭਾਅ ਰਹੇ ਹਨ ਲੇਕਿਨ ਸੂਬੇ ਦੀ ਭਗਵੰਤ ਮਾਨ ਸਰਕਾਰ ਅਜਿਹੇ ਕਾਮਿਆਂ ਨੂੰ ਪੱਕੇ ਨਹੀਂ ਕਰ ਰਹੀ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵੱਖ ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾਅ ਰਹੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਜਿਹੜਾ ਸਰਕਾਰ ਬਣਨ ਉਪਰੰਤ ਸਿਰਫ਼ ਲਾਰਾ ਬਣਕੇ ਰਹਿ ਗਿਆ। ਜਥੇਬੰਦੀ ਦੇ ਆਗੂਆਂ ਸੁਖਪਾਲ ਸਿੰਘ ਸ਼ਾਹਪੁਰ, ਨਿਸ਼ਾਨ ਸਿੰਘ, ਹਰਦੀਪ ਸਿੰਘ ਅਤੇ ਅਨੁੱਜ ਕੁਮਾਰ ਨੇ ਆਖਿਆ ਕਿ ਸੂਬੇ ਦੀ ਸਰਕਾਰ ਬਿਜਲੀ ਵਿਭਾਗ ਵਿੱਚ ਠੇਕੇਦਾਰੀ ਸਿਸਟਮ ਰਾਹੀਂ ਸੇਵਾਵਾਂ ਨਿਭਾਉਂਦੇ ਫੌਤ ਹੋ ਚੁੱਕੇ ਕ਼ਰੀਬ ਚਾਰ ਸੌ ਕਾਮਿਆਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਬਣਦਾ ਮੁਆਵਜਾ ਦੇਣ ਨੂੰ ਯਕੀਨੀ ਬਣਾਵੇ। ਕੱਚੇ ਕਾਮਿਆਂ ਨੂੰ ਤੁਰੰਤ ਪੱਕੇ ਕਰੇ ਨਹੀਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਦੇ ਐਕਸੀਅਨ ਦਫ਼ਤਰ ਸਾਹਮਣੇ ਪੱਕਾ ਧਰਨਾ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।